18 ਸਾਲ ਬਾਅਦ ਪੂਰੀ ਹੋਈ ਮਨਪ੍ਰੀਤ ਦੇ ਮਨ ਦੀ ਮੁਰਾਦ, ਕੇਂਦਰ ਨੇ ‘ਮੇਜਰ ਧਿਆਨ ਚੰਦ ਐਵਾਰਡ’ ਦੇਣ ਦਾ ਕੀਤਾ ਐਲਾਨ

0
222

ਆਖ਼ਰ ਕੌਮਾਂਤਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਦੀ ਝੋਲੀ ‘ਚ ਕੇਂਦਰ ਸਰਕਾਰ ਵੱਲੋਂ ‘ਮੇਜਰ ਧਿਆਨ ਚੰਦ ਐਵਾਰਡ’ ਦੀ ਖ਼ੈਰ ਪਾ ਦਿੱਤੀ ਗਈ ਹੈ। ਨੈਸ਼ਨਲ ਸਟਾਈਲ ਕਬੱਡੀ ‘ਚ ਵਿਰੋਧੀ ਟੀਮ ਦੇ ਪਰਖੱਚੇ ਉਡਾਉਣ ਵਾਲੇ ਨੂੰ ਕੇਂਦਰ ਸਰਕਾਰ ਦਾ ਵੱਡਾ ਖੇਡ ਸਨਮਾਨ ਹਾਸਲ ਕਰਨ ਲਈ 18 ਸਾਲ ਦੀ ਲੰਮੀ ਉਡੀਕ ਕਰਨੀ ਪਈ ਹੈ। ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ‘ਚ ਓਐੱਨਜੀਸੀ ਮਹਿਕਮੇ ‘ਚ ਤਾਇਨਾਤ ਮਨਪ੍ਰੀਤ ਸਿੰਘ ਮਾਨਾ ਦਾ ਕਹਿਣਾ ਹੈ ਕਿ ਉਸ ਨੇ ਕੋਈ ਵੀ ਐਵਾਰਡ ਮਿਲਣ ਦੀ ਆਸ ਤਿਆਗ ਦਿੱਤੀ ਸੀ ਪਰ ਕੇਂਦਰ ਸਰਕਾਰ ਦੀ ਖਿਡਾਰੀ ਪੱਖੀ ਨੀਤੀ ਨਾਲ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਖਿਡਾਰੀਆਂ ‘ਚ ਬੁਝ ਚੁੱਕੀ ਉਮੀਦ ਦੀ ਕਿਰਨ ਜ਼ਰੂਰ ਰੌਸ਼ਨ ਹੋਈ ਹੈ। ਦੱਖਣੀ ਕੋਰੀਆ ਦੇ ਸ਼ਹਿਰ ਬੂਸਾਨ ‘ਚ ਖੇਡੇ ਗਏ 2002 ਏਸ਼ੀਅਨ ਗੇਮਜ਼ ਅਡੀਸ਼ਨ ‘ਚ ਉਸ ਨੇ ਗੋਲਡ ਮੈਡਲ ਜਿੱਤਣ ਵਾਲੀ ਨੈਸ਼ਨਲ ਸਟਾਈਲ ਕਬੱਡੀ ਟੀਮ ਦੀ ਨੁਮਾਇੰਦਗੀ ਕੀਤੀ ਗਈ ਸੀ। ਜ਼ਿਲ੍ਹਾ ਮੋਹਾਲੀ ਦੇ ਲਾਲੜੂ ਨੇੜਲੇ ਪਿੰਡ ਮੀਰਪੁਰ ‘ਚ ਸਰਦਾਰ ਪਾਖਰ ਸਿੰਘ ਦੇ ਗ੍ਰਹਿ ਵਿਖੇ ਜਨਮੇ ਮਨਪ੍ਰੀਤ ਸਿੰਘ ਨੇ ਕਤਰ-2006 ਦੀਆਂ ਏਸ਼ੀਅਨ ਖੇਡਾਂ ‘ਚ ਦੂਜਾ ਮੈਡਲ ਆਪਣੇ ਨਾਂ ਕੀਤਾ ਤੇ ਸ੍ਰੀਲੰਕਾ ਦੇ ਸ਼ਹਿਰ ਕੋਲੰਬੋ-2000 ਦੀ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜੇਤੂ ਟੀਮ ਦੀ ਪ੍ਰਤੀਨਿਧਤਾ ਕੀਤੀ। 2004 ‘ਚ ਮੁੰਬਈ ‘ਚ ਖੇਡੇ ਗਏ ਵਿਸ਼ਵ ਕਬੱਡੀ ਕੱਪ ‘ਚ ਆਲਮੀ ਕਬੱਡੀ ਕੱਪ ਜੇਤੂ ਟੀਮ ਦੀ ਨੁਮਾਇੰਦਗੀ ਕੀਤੀ। ਉਸ ਨੂੰ ਦੋ ਵਾਰ ਗੋਲਡ ਅਤੇ ਇਕ-ਇਕ ਵਾਰ ਸਿਲਵਰ ਤੇ ਤਾਂਬੇ ਦਾ ਤਗਮੇ ‘ਤੇ ਕਬਜ਼ਾ ਕਰਨ ਵਾਲੀ ਟੀਮ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਹਾਸਲ ਹੈ।