Jammu Kashmir : DSP ਦਵਿੰਦਰ ਸਿੰਘ ਨੂੰ ਨੌਕਰੀਓਂ ਬਰਖ਼ਾਸਤ ਕੀਤਾ, ਪੁਲਿਸ ਮੈਡਲ ਵੀ ਵਾਪਸ ਲਿਆ

0
528

ਜੰਮੂ : ਅੱਤਵਾਦੀਆਂ ਨਾਲ ਗੱਠਜੋੜ ਦੇ ਦੋਸ਼ ‘ਚ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਨੇ ਬਰਖ਼ਾਸਤ ਕਰ ਦਿੱਤਾ ਹੈ। ਇਸ ਸੰਦਰਭ ‘ਚ ਜ਼ਰੂਰੀ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ। ਇਹੀ ਨਹੀਂ ਉਸ ਨੂੰ ਦਿੱਤਾ ਗਿਆ ਸ਼ੇਰ-ਏ-ਕਸ਼ਮੀਰ ਪੁਲਿਸ ਮੈਡਲ ਵੀ ਵਾਪਸ ਲੈ ਲਿਆ। ਵੀਰਤਾ ਲਈ ਦਵਿੰਦਰ ਨੂੰ ਇਹ ਪੁਰਸਕਾਰ ਪੁਲਵਾਮਾ ਪੁਲਿਸ ਲਾਈਨ ‘ਤੇ 25-26 ਅਗਸਤ,2017 ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦ ਰੋਕੂ ਮੁਹਿੰਮ ਚਲਾਉਣ ‘ਚ ਜ਼ਿਕਰਯੋਗ ਭੂਮਿਕਾ ਨਿਭਾਉਣ ‘ਤੇ ਸੂਬਾ ਸਰਕਾਰ ਨੇ ਸਾਲ 2018 ‘ਚ ਗਣਤੰਤਰ ਦਿਵਸ ‘ਤੇ ਦਿੱਤਾ ਸੀ। ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ‘ਚ ਦਵਿੰਦਰ ਸਿੰਘ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।
ਉੱਥੇ ਹੀ ਰੱਖਿਆ ਮੰਤਰਾਲੇ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਐੱਨਆਈਏ ਨੂੰ ਸੌਂਪ ਦਿੱਤੀ ਹੈ। ਸ੍ਰੀਨਗਰ ਪਹੁੰਚੇ ਐੱਨਆਈਏ ਦੇ ਅਧਿਕਾਰੀਆਂ ਨੇ ਮੁਲਜ਼ਮ ਡੀਐੱਸਪੀ ਦਵਿੰਦਰ ਸਿੰਘ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਜਾਂਚ ਏਜੰਸੀ ਦੀਆਂ ਟੀਮਾਂ ਨੇ ਦਵਿੰਦਰ ਸਿੰਘ ਦੇ ਜੰਮੂ ਤੇ ਕਸ਼ਮੀਰ ‘ਚ ਉਨ੍ਹਾਂ ਦੀਆਂ ਰਿਹਾਇਸ਼ਾਂ ‘ਤੇ ਛਾਪੇਮਾਰੀ ਵੀ ਕੀਤੀ ਹੈ। ਇਹੀ ਨਹੀਂ ਡੀਐੱਸਪੀ ਦੇ ਕਰੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਘਰਾਂ ‘ਚ ਵੀ ਛਾਪੇ ਮਾਰੇ ਗਏ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਕਈ ਅਹਿਮ ਜਾਣਕਾਰੀ ਹੱਥ ਲੱਗੀਆਂ ਹਨ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਡੀਐੱਸਪੀ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।