Jammu And Kashmir: ਗਣਤੰਤਰ ਦਿਵਸ ‘ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਜੈਸ਼ ਦੇ ਪੰਜ ਅੱਤਵਾਦੀ ਗ੍ਰਿਫ਼ਤਾਰ

0
401

ਸ੍ਰੀਨਗਰ, ਸਟੇਟ ਬਿਊਰੋ : Jaish Terrorist Arrested : ਪੁਲਿਸ ਨੇ ਗਰਮੀ ਰੁੱਤ ਦੀ ਰਾਜਧਾਨੀ ‘ਚ ਜੈਸ਼-ਏ-ਮੁਹੰਮਦ ਵੱਲੋਂ ਗਣਤੰਤਰ ਦਿਵਸ ਮੌਕੇ ਇਕ ਵੱਡੇ ਆਤਮਘਾਤੀ ਹਮਲੇ ਦੀ ਰਚੀ ਜਾ ਰਹੀ ਸਾਜ਼ਿਸ਼ ਨੂੰ ਨਾਕਾਮ ਬਣਾ ਦਿੱਤਾ ਹੈ। ਪੁਲਿਸ ਨੇ ਜੈਸ਼ ਦੇ ਪੰਜ ਮੈਂਬਰੀ ਮੋਡਿਊਲ ਨੂੰ ਨਾਕਾਮ ਕਰਦਿਆਂ ਧਮਾਕਾਖੇਜ਼ ਸਮੱਗਰੀ ਨਾਲ ਲੈਸ ਜੈਕੇਟ, ਰਿਮੋਟ ਟ੍ਰਿਗਲ ਵਾਲਾ ਬਾਇਓਫਾਇੰਗ ਵਾਕੀ-ਟਾਕੀ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਪੰਜੇ ਅੱਤਵਾਦੀ ਸ੍ਰੀਨਗਰ ‘ਚ ਬੀਤੇ ਪੰਜ ਮਹੀਨਿਆਂ ਦੌਰਾਨ ਹੋਏ ਵੱਖ-ਵੱਖ ਗ੍ਰਨੇਡ ਹਮਲਿਆਂ ‘ਚ ਵੀ ਸ਼ਾਮਲ ਸਨ।
ਇਹ ਸਾਰੇ ਅੱਤਵਾਦੀ ਹਜ਼ਰਤਬਲ ਇਲਾਕੇ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਏਜਾਜ਼ ਅਹਿਮਦ ਸ਼ੇਖ (38) ਪੁੱਤਰ ਗੁਲਾਮ ਅਹਿਮਦ ਸ਼ੇਖ, ਉਮਰ ਹਮੀਦ ਸ਼ੇਖ (28) ਪੁੱਤਰ ਅਬਦੁਲ ਹਮੀਦ ਸ਼ੇਖ, ਇਮਤਿਆਜ਼ ਅਹਿਮਦ ਚਿਕਲਾ ਉਰਫ਼ ਇਮਰਾਨ (31) ਪੁੱਤਰ ਮੁਹੰਮਦ ਸਦੀਕ ਚਿਕਲਾ, ਸਾਹਿਲ ਫਾਰੂਕ ਗੋਜਰੀ (26) ਪੁੱਤਰ ਫਾਰੂਕ ਅਹਿਮਦ ਗੋਜਰੀ ਅਤੇ ਨਸੀਰ ਅਹਿਮਦ ਮੀਰ (35) ਪੁੱਤਰ ਮੁਹੰਮਦ ਅਸ਼ਰਫ਼ ਮੀਰ ਦੇ ਰੂਪ ‘ਚ ਹੋਈ ਹੈ। ਏਜਾਜ਼ ਪੇਸ਼ੇ ਤੋਂ ਵਾਹਨ ਚਾਲਕ ਹੈ ਜਦੋਂਕਿ ਉਮਰ ਠੇਲਾ ਲਾਉਂਦਾ ਹੈ। ਇਮਰਾਨ ਦੀ ਖੇਡ ਸਮੱਗਰੀ ਦੀ ਦੁਕਾਨ ਹੈ, ਨਸੀਰ ਦਾ ਆਪਣਾ ਕਾਰੋਬਾਰ ਹੈ ਅਤੇ ਸਾਹਿਲ ਇਕ ਪ੍ਰਾਈਵੇਟ ਫਰਮ ‘ਚ ਨੌਕਰੀ ਕਰਦਾ ਹੈ। ਪੁਲਿਸ ਦਾ ਕਹਿਦਾ ਹੈ ਕਿ ਇਨ੍ਹਾਂ ਹੀ ਅੱਤਵਾਦੀਆਂ ਨੇ 26 ਨਵੰਬਰ ਨੂੰ ਕਸ਼ਮੀਰ ਯੂਨੀਵਰਸਿਟੀ ਦੇ ਬਾਹਰ ਗ੍ਰਨੇਡ ਹਮਲਾ ਕੀਤਾ ਸੀ।
ਇਨ੍ਹਾਂ ਅੱਤਵਾਦੀਆਂ ਤੋਂ 143 ਜਿਲੇਟਨ ਛੜਾਂ, 42 ਡੈਟੋਨੇਟਰ, ਸੱਤ ਸੈਕੰਡਰੀ ਐਕਸਪਲੋਸਿਵ, ਇਕ ਸਾਈਲੈਂਸਰ, ਧਮਾਕਾਖੇਜ਼ ਸਮੱਗਰੀ ਅਤੇ ਬੈਰਿੰਗਾਂ ਨਾਲ ਲੈੱਸ ਇਕ ਜੈਕੇਟ, ਇਕ ਨੁਕਸਾਲੀ ਸੀਡੀ ਡ੍ਰਾਈਵ, ਇਕ ਦੇਸੀ ਹਥਿਆਰ ਕੱਟਾ, ਇਕ ਹਥੌੜੀ, ਇਕ ਵਾਇਰਲੈੱਸ ਸੈੱਟ, ਤਿੰਨ ਬੈਟਰੀਆਂ, ਇਕ ਬੈਟਰੀ ਚਾਰਜ਼ਰ, ਇਕ ਆਨ-ਆਫ਼ ਸਵਿੱਚ, ਇਕ ਪਾਊਚ, ਕਾਲੇ, ਸੰਤਰੀ ਅਤੇ ਸਲੇਟ ਰੰਗ ਦੇ ਤਿੰਨ ਕੋਇਲ, ਤਿੰਨ ਪੈਕੇਟ ਆਰਡੀਐੱਕਸ ਵਰਗੀ ਧਮਾਕਾਖੇਜ਼ ਸਮੱਗਰੀ, ਅਮਰੀਕਰਨ ਟੂਰਿਸਟ ਕੰਪਨੀ ਦਾ ਇਕ ਨੀਲਾ ਪਿੱਠੂ ਬੈਗ, ਚਾਰ ਪਲਾਸਟਿਕ ਰੋਲ ਟੇਪ, ਢਾਈ ਲੀਟਰ ਨਾਇਟ੍ਰਿਕ ਐਸਿਡ ਸ਼ਾਮਲ ਹੈ।
ਕਸ਼ਮੀਰੀ ਤੇ ਖ਼ਾਲਿਸਤਾਨੀ ਅੱਤਵਾਦੀਆਂ ਵਿਚਕਾਰ ਗੰਢਤੁੱਪ ਦਾ ਪਤਾ ਲਾਗ ਰਹੀਆਂ ਸੁਰੱਖਿਆ ਏਜੰਸੀਆਂ
ਸੁਰੱਖਿਆ ਏਜੰਸੀਆਂ ਹਿਜ਼ਬੁਲ ਮੁਜ਼ਾਹਿਦੀਨ ਦੇ ਖੂੰਖਾਰ ਅੱਤਵਾਦੀ ਨਵੀਦ, ਉਸ ਦੇ ਸਾਥੀਆਂ ਅਤੇ ਡੀਐੱਸਪੀ ਦਵਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਕਸ਼ਮੀਰੀ ਅਤੇ ਖ਼ਾਲਿਸਤਾਨੀ ਅੱਤਵਾਦੀਆਂ ਦੀ ਗੰਢਤੁੱਪ ਦਾ ਵੀ ਪਤਾ ਲਗਾਉਣ ਦਾ ਯਤਨ ਕਰ ਰਹੀਆਂ ਹਨ। ਇਸ ਦੌਰਾਨ, ਕੌਮੀ ਜਾਂਚ ਏਜੰਸੀ ਦਾ ਆਈਜੀ ਰੈਂਕ ਦਾ ਇਕ ਅਧਿਕਾਰੀ ਪੁੱਛਗਿੱਛ ਲਈ ਵੀਰਵਾਰ ਨੂੰ ਦਿੱਲੀ ਤੋਂ ਸ੍ਰੀਨਗਰ ਪਹੁੰਚਿਆ ਹੈ। ਸੂਤਰਾਂ ਅਨੁਸਾਰ, ਦਵਿੰਦਰ ਸਿੰਘ ਦੇ ਕੁਝ ਰਿਸ਼ਤੇਦਾਰਾਂ ਦੇ ਘਰਾਂ ‘ਚ ਤਲਾਸ਼ੀ ਲਈ ਗਈ ਹੈ। ਇਸ ਦੌਰਾਨ ਇਕ ਮਹੱਤਵਪੂਰਨ ਸੁਰੱਖਿਆ ਕੈਂਪ ਦਾ ਨਕਸ਼ਾ ਵੀ ਮਿਲਿਆ ਹੈ, ਪਰ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਸੂਤਰਾਂ ਨੇ ਦੱਸਿਆ ਕਿ ਸੰਨ 2018 ਦੌਰਾਨ ਦੱਖਣੀ ਕਸ਼ਮੀਰ ‘ਚ ਜ਼ਿਲ੍ਹਾ ਪੁਲਵਾਮਾ ਤੇ ਸ਼ੋਪੀਆਂ ਨਾਲ ਜੁੜੇ ਅੱਵਾਦੀਆਂ ਨੇ ਹੀ ਜਲੰਧਰ ਦੇ ਇਕ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਸੀ। ਬੀਤੇ ਸਾਲ ਚੰਡੀਗੜ੍ਹ ਕੋਲ ਵੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਕਸ਼ਮੀਰ ਨੌਜਵਾਨ ਫੜੇ ਗਏ ਸਨ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਪੰਜਾਬ ‘ਚ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ‘ਚ ਵੀ ਜੈਸ਼ ਹੈਂਡਲਰ ਆਸ਼ਿਕ ਦਾ ਨਾਂ ਆਇਆ ਹੈ। ਆਸ਼ਿਕ ਵੀ ਜ਼ਿਲ੍ਹਾ ਪੁਲਵਾਮਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਅੱਤਵਾਦੀਆਂ ਨੂੰ ਚੰਡੀਗੜ੍ਹ ਲਿਜਾ ਰਿਹਾ ਸੀ। ਇਸ ਲਈ ਇਸ ਗੱਲ ਦੀ ਸੰਭਾਵਨਾ ਨੂੰ ਨਹੀਂ ਨਕਾਰਿਆ ਜਾ ਸਕਦਾ ਕਿ ਉਹ ਪੰਜਾਬ ‘ਚ ਖ਼ਾਲਿਸਤਾਨੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਵੀ ਮਿਲ ਸਕਦੇ ਸਨ। ਇਸ ਤੋਂ ਇਲਾਵਾ ਪੁਲਵਾਮਾ ਤੇ ਸ਼ੋਪੀਆਂ ਦੇ ਅੱਤਵਾਦੀ ਹੀ ਬੀਤੇ ਦੋ ਸਾਲਾਂ ‘ਚ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਚੁੱਕੇ ਹਨ। ਡੀਐੱਸਪੀ ਦਵਿੰਦਰ ਸਿੰਘ ਇਸ ਦੌਰਾਨ ਪੁਲਵਾਮਾ ਅਤੇ ਸ਼ੋਪੀਆਂ ‘ਚ ਤਾਇਨਾਤ ਰਿਹਾ ਹੈ।
ਦਵਿੰਦਰ ਸਿੰਘ ਜੰਮੂ ‘ਚ ਜਿਸ ਇਲਾਕੇ ‘ਚ ਆਉਂਦਾ-ਜਾਂਦਾ ਰਿਹਾ ਹੈ, ਉੱਥੇ ਸਿੱਖਾਂ ਨਾਲ ਹਮਦਰਦੀ ਰੱਖਣ ਵਾਲੇ ਕੁਝ ਅਨਸਰ ਵੀ ਰਹਿੰਦੇ ਹਨ। ਪੁੱਛਗਿੱਛ ਕਰ ਰਹੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਦਵਿੰਦਰ ਸਿੰਘ ਤੇ ਉਸ ਦੇ ਨਾਲ ਫੜੇ ਗਏ ਅੱਤਵਾਦੀ ਪੰਜਾਬ ‘ਚ ਖ਼ਾਲਿਸਤਾਨੀ ਅੱਤਵਾਦੀਆਂ ਅਤੇ ਪੰਜਾਬ ‘ਚ ਸਰਗਰਮ ਵੱਖਵਾਦੀ ਅਨਸਰਾਂ ਬਾਰੇ ਵੀ ਜ਼ਰੂਰ ਜਾਣਕਾਰੀ ਰੱਖਦੇ ਹੋਣਗੇ। ਇਸ ਲਈ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ‘ਚ ਖ਼ਾਲਿਸਤਾਨ ਕੁਨੈਕਸ਼ਨ ਨਾਲ ਜੁੜੇ ਸਵਾਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।