23 ਫਰਵਰੀ ਨੂੰ ਲੋਕ ਸੰਗਰੂਰ ਚ ਇਕੱਠੇ ਹੋ ਕੇ ਸੁਖਬੀਰ ਬਾਦਲ ਦੀ ਤਾਨਾਸ਼ਾਹੀ ਦਾ ਭੋਗ ਪਾਉਣਗੇ- ਢੀਂਡਸਾ

0
182

ਮਹਿਲ ਕਲਾਂ, 10 ਫ਼ਰਵਰੀ (ਗੁਰਭਿੰਦਰ ਗੁਰੀ) – ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਸਿਧਾਂਤਕ ਲੀਂਹਾ ‘ਤੇ ਤੋਰਨ ਲਈ ਰੱਖੀ ਗਈ 23 ਫ਼ਰਵਰੀ ਦੀ ਸੰਗਰੂਰ ਰੈਲੀ ਉਨ੍ਹਾਂ ਲੋਕਾਂ ਨੂੰ ਮੂੰਹ ਤੋੜਵਾ ਜੁਆਬ ਹੋਵੇਗੀ, ਜੋ ਸਾਡੇ ਪਰਿਵਾਰ ਦੀ ਅੰਤਿਮ ਅਰਦਾਸ ਹੋਣ ਦੀਆਂ ਗੱਲਾਂ ਕਰਦੇ ਹਨ। ਇਹ ਵਿਚਾਰ  ਰਾਜ ਸਭਾ ਮੈਂਬਰ  ਸ: ਸੁਖਦੇਵ ਸਿੰਘ ਢੀਂਡਸਾ ਨੇ ਪਿੰਡ ਕੁਤਬਾ ਵਿਖੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਦੇ ਗ੍ਰਹਿ  ਵਿਖੇ ਪੱਤਰਕਾਰਾ ਨਾਲ  ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਢੀਂਡਸਾ ਨੇ ਸੁਖਬੀਰ ਬਾਦਲ ਤੇ ਵਰਦਿਆ ਕਿਹਾ  ਕਿ 23 ਫ਼ਰਵਰੀ ਨੂੰ ਵੱਡੀ ਗਿਣਤੀ ਲੋਕ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਦਾ ਭੋਗ ਪਾਉਣਗੇ। ਸ: ਢੀਂਡਸਾ ਨੇ ਬੋਨੀ ਅਜਨਾਲਾ ਵਲੋਂ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ‘ਚ ਵਾਪਸ ਜਾਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਆਪਣੇ ਸਟੈਂਡ ਤੇ  ਅੱਜ ਵੀ ਕਾਇਮ ਹਨ, ਇਨ੍ਹਾਂ ਦਾਅਵਿਆਂ ‘ਚ ਕੋਈ ਸੱਚਾਈ ਨਹੀਂ ਹੈ। ਇਕ ਸੁਆਲ ਦੇ ਜੁਆਬ ‘ਚ ਸ: ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਡਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਚੋਂ ਆਜ਼ਾਦ ਕਰਵਾਉਣਾ ਹੈ। ਇਸ ਮੌਕੇ ਸੀਨੀਅਰ ਆਗੂ ਰਜਿੰਦਰ ਸਿੰਘ ਕਾਂਝਲਾ, ਸਾਬਕਾ ਚੇਅਰਮੈਨ ਸ ਕਰਨੈਲ ਸਿੰਘ ਠੁੱਲੀਵਾਲ, ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਰੂਬਲ ਗਿੱਲ ਕਨੈਡਾ,ਸਰਪੰਚ ਬਲਦੀਪ ਸਿੰਘ ਮਹਿਲ ਖੁਰਦ,  ਜਗਸੀਰ ਸਿੰਘ ਛੀਨੀਵਾਲ ਕਲਾਂ ,  ਹਰਦੇਵ ਸਿੰਘ  ਜਵੰਧਾ ,ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰੜ, ਸਿਆਸੀ ਸਕੱਤਰ ਜਸਵਿੰਦਰ ਸਿੰਘ ਖਾਲਸਾ ਆਦਿ ਹੋਰ ਹਾਜ਼ਰ ਸਨ ।