21 ਕਰੋੜ 67 ਲੱਖ ਰੁਪਏ ਦੀ ਰਾਸ਼ੀ ਨਾਲ ਵਿਕਾਸ ਪੱਖੋਂ ਚਮਕਣਗੇ ਬਰਨਾਲਾ ਦੇ 31 ਦੇ 31 ਵਾਰਡ-ਔਲਖ, ਨੀਟਾ

    0
    13

    ਬਰਨਾਲਾ, 26 ਸਤੰਬਰ (ਅਮਨਦੀਪ ਰਠੌੜ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਹੁਣ ਬਾਕੀ ਬਚਦੇ 100 ਦਿਨਾਂ ‘ਚ ਸ਼ਹਿਰ ਬਰਨਾਲਾ ਦੀ ਨੁਹਾਰ ਪੂਰੀ ਤਰ੍ਹਾਂ ਨਾਲ ਬਦਲ ਜਾਵੇਗੀ, ਕਿਉਂਕਿ ਸ.ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਸ਼ਹਿਰ ਬਰਨਾਲਾ ਦੇ 31 ਦੇ 31 ਵਾਰਡਾਂ ‘ਚ ਵਿਕਾਸ ਕਾਰਜ ਸ਼ੁਰੂ ਹੋਣ ਜਾ ਰਹੇ ਹਨ | ਜਿਸ ਨਾਲ ਸ਼ਹਿਰ ਬਰਨਾਲਾ ਦੇ 31 ਦੇ 31 ਵਾਰਡ ਵਿਕਾਸ ਪੱਖੋਂ ਨੰਬਰ ਇੱਕ ਬਣ ਜਾਣਗੇ | ਇਹ ਵਿਚਾਰ ਬਰਨਾਲਾ ਕਲੱਬ ਵਿੱਚ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਮਨਵਾਸੀਆ ਅਤੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ ਇੱਕ ਤੋਂ ਲੈ ਕੇ ਵਾਰਡ ਨੰਬਰ 31 ਵਿੱਚ 21 ਕਰੋੜ 67 ਲੱਖ ਰੁਪਏ ਦੀ ਰਾਸ਼ੀ ਨਾਲ ਸ.ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਵਿਕਾਸ ਕਾਰਜ਼ ਬੱਸ ਆਉਣ ਵਾਲੇ 3-4 ਦਿਨਾਂ ਵਿੱਚ ਟੈਂਡਰ ਲੱਗਣ ਤੋਂ ਬਾਅਦ ਸ਼ੁਰੂ ਹੋ ਜਾਣਗੇ | ਉਨ੍ਹਾਂ ਕਿਹਾ ਕਿ ਸਾਰੇ ਵਾਰਡਾਂ ਵਿੱਚ ਇੰਟਰਲਾਕ ਟਾਇਲਾਂ, ਨਵੀਆਂ ਸੜਕਾਂ, ਸਟਰੀਟ ਲਾਇਟਾਂ, ਪਾਰਕਾਂ ਦਾ ਨਵੀਨੀਕਰਣ ਅਤੇ ਤਿੰਨ ਸਵਾਗਤੀ ਗੇਟਾਂ ਦੇ ਵਿਕਾਸ ਕਾਰਜ ਹੋਣਗੇ | ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਦਾ ਸਿਰਫ਼ ਇੱਕੋਂ ਇੱਕ ਮੁੱਦਾ ਹੈ ਵਿਕਾਸ, ਜਿਸਨੂੰ ਉਹ ਪਹਿਲਾਂ ਵੀ ਪਹਿਲ ਦਿੰਦੇ ਸਨ ਅਤੇ ਹੁਣ ਵੀ ਉਨ੍ਹਾਂ ਵੱਲੋਂ ਪਹਿਲ ਦੇ ਕੇ ਹੀ ਬਰਨਾਲਾ ਵਿੱਚ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਜੋ ਨਵੇ ਵਿਕਾਸ ਕਾਰਜ ਬਰਨਾਲਾ ਵਿੱਚ ਸ਼ੁਰੂ ਹੋਣਗੇ, ਉਸ ਜਗ੍ਹਾਂ ‘ਤੇ ਬੋਰਡ ਵੀ ਲਗਾਏ ਜਾਣਗੇ ਤਾਂਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਕੰਮ ਕਦੋਂ ਸ਼ੁਰੁੂ ਹੋਇਆ ਅਤੇ ਕਦੋਂ ਖਤਮ ਹੋਣਾ ਹੈ | ਇਹੀ ਨਹੀਂ ਉਸ ਬੋਰਡ ਉਪਰ ਪ੍ਰਯੋਗ ਹੋਣ ਵਾਲੇ ਸਾਰੇ ਮਟੀਰਿਅਲ ਦੀ ਡਿਟੇਲ ਵੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਪਾਰਕ ਨੂੰ ਨਗਰ ਕੌਂਸਲ ਦੇ ਸਪੁਰਦ ਕਰਨ ਲਈ ਨਗਰ ਕੌਂਸਲ ਬਰਨਾਲਾ ਵੱਲੋਂ ਮਤਾ ਪਾ ਕੇ ਭੇਜਿਆ ਗਿਆ ਸੀ, ਜਿਸਨੂੰ ਡਾਇਰੈਕਟਰ ਆਫ਼ ਪੰਜਾਬ ਵੱਲੋਂ ਪਾਸ ਵੀ ਕੀਤਾ ਜਾ ਚੁੱਕਾ ਹੈ, ਬੱਸ ਹੁਣ ਤਹਿਸੀਲਦਾਰ ਸਾਹਿਬ ਇਸਦਾ ਇੰਤਕਾਲ ਕਰ ਰਹੇ ਹਨ | ਇੰਤਕਾਲ ਹੋਣ ਮਗਰੋਂ ਨਗਰ ਕੌਂਸਲ ਦੇ ਸਪੁਰਦ ਹੁੰਦਿਆਂ ਹੀ ਇਸ ਪਾਰਕ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ ਅਤੇ ਸਾਰੀਆਂ ਸੁਵਿਧਾਵਾਂ ਲੋਕਾਂ ਨੂੰ ਇਸ ਪਾਰਕ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ | ਸੁਪਰ ਸਪੈਸ਼ਲਿਸਟ ਹਸਪਾਤਲ ਸਬੰਧੀ ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਦੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਗੱਲ ਹੋ ਚੁੱਕੀ ਹੈ ਅਤੇ ਇਸਦਾ ਉਦਘਾਟਨ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਹੀ ਕੀਤਾ ਜਾਵੇਗਾ ਅਤੇ ਇਸਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਜੋ ਕਹਿੰਦੇ ਹਨ, ਉਹ ਕਰਕੇ ਦਿਖਾਉਂਦੇ ਹਨ | ਸ.ਕੇਵਲ ਸਿੰਘ ਢਿੱਲੋਂ ਦਾ ਜ਼ਿਲ੍ਹਾ ਬਰਨਾਲਾ ਨੂੰ ਵਿਕਾਸ ਪੱਖੋਂ ਨੰਬਰ ਇੱਕ ਬਣਾਉਣ ਦਾ ਸੁਪਨਾ ਹੈ ਅਤੇ ਉਹ ਜ਼ਿਲ੍ਹੇ ਬਰਨਾਲਾ ਨੂੰ ਵਿਕਾਸ ਪੱਖੋਂ ਨੰਬਰ ਇੱਕ ਬਣਾਕੇ ਹੀ ਸਾਹ ਲੈਣਗੇ | ਇਸ ਮੌਕੇ ਜਸਮੇਲ ਸਿੰਘ ਐਮ.ਸੀ., ਕਾਂਗਰਸ ਦੇ ਸੀਨੀਅਰ ਨੇਤਾ ਗੁਰਦਰਸ਼ਨ ਬਰਾੜ, ਐਮ.ਸੀ.ਧਰਮਿੰਦਰ ਸਿੰਘ ਸ਼ੰਟੀ, ਜੱਗੂ ਮੋਰ ਐਮ.ਸੀ., ਅਜੇ ਕੁਮਾਰ ਐਮ.ਸੀ., ਨਰਿੰਦਰ ਸ਼ਰਮਾ, ਗੋਨੀ ਐਮ.ਸੀ., ਐਮ.ਸੀ.ਜਗਰਾਜ ਸਿੰਘ ਪੰਡੋਰੀ, ਕਾਕਾ ਐਮ.ਸੀ ਤੋਂ ਇਲਾਵਾ ਹੋਰ ਵੀ ਕਈ ਕਾਂਗਰਸੀ ਆਗੂ ਹਾਜ਼ਰ ਸਨ |