ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ‘ਵਿਸ਼ਵ ਸ਼ੂਗਰ ਦਿਵਸ’

0
8

ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ‘ਵਿਸ਼ਵ ਸ਼ੂਗਰ ਦਿਵਸ’

ਬਰਨਾਲਾ, 16 ਨਵੰਬਰ (ਟਿੰਕਾ)- ਵਿਸ਼ਵ ਸ਼ੂਗਰ ਦਿਵਸ ਮੌਕੇ ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਦੇ ਦਿਸ਼ਾ ਨਿਰਦੇਸ਼ ਅਧੀਨ ਆਮ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕ ਕਰਨ ਸਬੰਧੀ ਸਿਵਲ ਹਸਪਤਾਲ ਬਰਨਾਲਾ ਵਿਖੇ ਸੈਮੀਨਾਰ ਲਾਇਆ ਗਿਆ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਜੇਕਰ ਤੁਹਾਨੂੰ ਸ਼ੂਗਰ ਦੀ ਸ਼ਿਕਾਇਤ ਹੈ ਤਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਤੁਹਾਨੂੰ ਖਾਸ ਦੇਖਭਾਲ ਦੀ ਲੋੜ ਹੈ। ਇਸ ਨਾਜ਼ੁਕ ਸਮੇਂ ’ਤੇ ਆਪਣੀ ਸ਼ੂਗਰ ਨੂੰ ਕਾਬੂ ਵਿੱਚ ਰੱਖੋ, ਕਿਉਂਕਿ ਤੁਹਾਡੇ ਸਰੀਰ ’ਤੇ ਵਾਇਰਸ ਦਾ ਘਾਤਕ ਪ੍ਰਭਾਵ ਹੋ ਸਕਦਾ ਹੈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸ਼ੂਗਰ ਬਿਮਾਰੀ ਹੋਣ ਦਾ ਮੁੱਖ ਕਾਰਨ ਪਰਿਵਾਰ ਵਿੱਚ ਪਹਿਲਾਂ ਤੋਂ ਸ਼ੂਗਰ ਦਾ ਮਰੀਜ਼ ਹੋਣਾ, ਖਾਣ-ਪੀਣ ਦੀਆਂ ਗਲਤ ਆਦਤਾਂ, ਮੋਟਾਪਾ, ਸਰੀਰਕ ਮਿਹਨਤ ਜਾਂ ਕਸਰਤ ਨਾ ਕਰਨਾ, ਸਿਗਰਟ ਅਤੇ ਸ਼ਰਾਬ ਦਾ ਸੇਵਨ ਤੇ ਮਾਨਸਿਕ ਤਣਾਅ ਆਦਿ ਹਨ।
ਇਸ ਮੌਕੇ ਮੈਡੀਸਨ ਸਪੈਸ਼ਲਿਟ ਸਿਵਲ ਹਸਪਤਾਲ ਬਰਨਾਲਾ ਡਾ. ਮਨਪ੍ਰੀਤ ਸਿੱਧੂ ਨੇ ਸ਼ੂਗਰ ਦੇ ਲੱਛਣਾਂ ਬਾਰੇ ਦੱਸਿਆ ਕਿ ਬਹੁਤ ਜ਼ਿਆਦਾ ਭੁੱਖ-ਪਿਆਸ ਲੱਗਣਾ ਅਤੇ ਪਿਸ਼ਾਬ ਜ਼ਿਆਦਾ ਆਉਣਾ, ਹਰ ਵੇਲੇ ਥਕਾਵਟ ਮਹਿਸੂਸ ਕਰਨਾ, ਧੁੰਦਲੀ ਅਤੇ ਕਮਜ਼ੋਰ ਨਜ਼ਰ, ਜ਼ਖਮ ਭਰਣ ਵਿੱਚ ਸਮਾਂ ਲੱਗਣਾ, ਹੱਥਾਂ-ਪੈਰਾਂ ਵਿੱਚ ਝੁਣਝੁਣਾਹਟ ਜਾਂ ਸੁੰਨ ਹੋਣਾ ਅਤੇ ਅਚਾਨਕ ਵਜ਼ਨ ਦਾ ਘਟਣਾ ਹੋ ਸਕਦੇ ਹਨ, ਇਸ ਲਈ ਸਮੇਂ ਸਿਰ ਆਪਣੀ ਜਾਂਚ ਕਰਵਾਉਣੀ ਜ਼ਰੂਰੀ ਹੈ।
ਡਾ. ਸਿੱਧੂ ਨੇ ਧਿਆਨ ਦੇਣ ਯੋਗ ਗੱਲਾਂ ਦੱਸਦਿਆ ਕਿਹਾ ਕਿ ਹਰੀਆਂ ਸਬਜ਼ੀਆਂ/ਸਲਾਦ/ਫਲਾਂ ਦਾ ਸੇਵਨ ਜ਼ਿਆਦਾ ਕਰੋ ਅਤੇ ਆਟੇ ਨੂੰ ਬਿਨਾਂ ਛਾਣੇ ਵਰਤੋ, ਖਾਣਾ ਦਿਨ ਵਿੱਚ ਤਿੰਨ ਦੀ ਬਜਾਏ ਛੇ ਵਾਰ ਥੋੜਾ ਥੋੜਾ ਕਰਕੇ ਖਾਓ, ਤਲੀਆਂ ਚੀਜ਼ਾਂ, ਸ਼ੱਕਰ/ਚੀਨੀ, ਬਾਜਾਰੀ ਖਾਣਾ, ਸਿਗਰਟ ਅਤੇ ਸ਼ਰਾਬ ਤੋਂ ਪ੍ਰਹੇਜ ਕਰੋ, ਰੋਜ਼ਾਨਾ 30 ਤੋਂ 40 ਮਿੰਟ ਸੈਰ/ਕਸਰਤ ਕਰੋ, ਪੌੜੀਆਂ ਦਾ ਇਸਤੇਮਾਲ ਵੱਧ ਤੋਂ ਵੱਧ ਕਰੋ, ਲੋੜ ਪੈਣ ’ਤੇ ਹੀ ਲਿਫਟ ਦੀ ਵਰਤੋਂ ਕਰੋ, ਯੋਗ ਅਤੇ ਧਿਆਨ ਕਰਕੇ ਮਾਨਸਿਕ ਤਣਾਅ ਘਟਾਓ, ਘੱਟੋ-ਘੱਟ 6 ਤੋਂ 7 ਘੰਟੇ ਦੀ ਨੀਂਦ ਲਓ ਅਤੇ ਰੋਜ਼ਾਨਾ ਸਮੇਂ ਸਿਰ ਆਪਣੀ ਦਵਾਈ ਲਓ ਅਤੇ ਸ਼ੂਗਰ ਜਾਂਚ ਕਰਵਾਓ।
ਇਸ ਮੌਕੇ ਐਸਐਮਓ ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੌਤ ਕੌਸ਼ਲ, ਡੀ.ਐਫ.ਪੀ.ਓ ਡਾ. ਲਖਬੀਰ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ ਬਾਗੀ ਤੇ ਹੋਰ ਸਿਹਤ ਅਮਲਾ ਹਾਜ਼ਰ ਸੀ।