ਸਵ. ਸੁਤੰਤਰਤਾ ਸੈਨਾਨੀ ਦੇ ਪੁੱਤਰ ਨੇ ਰੋ-ਰੋ ਸੁਣਾਈ ਘਰ ਦੀ ਹਾਲਤ ਦੀ ਦਾਸਤਾਨ, ਕਿਹਾ ਅੱਜ ਘਰ ਵਿੱਚ ਖਾਣ ਨੂੰ ਦਾਣੇ ਤੱਕ ਵੀ ਨਹੀਂ ਹਨ

0
53

–ਸੋਸ਼ਲ ਮੀਡੀਆ ‘ਤੇ ਬਲਵੀਰ ਸਿੰਘ ਦੀ ਵੀਡਿਓ ਦੇਖਣ ਤੋਂ ਬਾਅਦ ਬਰਨਾਲਾ ਪੁਲਿਸ ਨੇ ਬਲਵੀਰ ਸਿੰਘ ਨੂੰ ਰਾਸ਼ਣ ਅਤੇ ਹੋਰ ਲੋਂੜੀਦਾ ਸਾਮਾਨ ਕਰਵਾਇਆ ਮੁਹੱਈਆ-

ਬਰਨਾਲਾ, 12 ਜੁਲਾਈ (ਅਮਨਦੀਪ ਰਠੌੜ)–ਦੇਸ਼ ਦੀ ਅਜਾਦੀ ਲਈ ਮਹੱਤਵਪੂਰਣ ਰੋਲ ਨਿਭਾਉਣ ਵਾਲੇ ਸਵ. ਸੁਤੰਤਰਤਾ ਸੈਨਾਨੀ ਸ. ਤਾਰਾ ਸਿੰਘ ਦਾ ਬੇਟਾ ਬਲਵੀਰ ਸਿੰਘ ਅੱਜ ਆਪਣੀ ਹਾਲਤ ‘ਤੇ ਇਸ ਕਦਰ ਹੰਝੂ ਬਹਾ ਰਿਹਾ ਹੈ, ਕਿ ਉਸਦੇ ਘਰ ਵਿਚ ਖਾਣ ਨੂੰ ਦਾਣੇ ਤੱਕ ਵੀ ਨਹੀਂ ਹਨ | ਪਤਨੀ ਸਮੇਤ ਦੋ ਬੇਟੀਆਂ ਆਪਣਾ ਦੋ ਵਕਤ ਦਾ ਪੇਟ ਭਰਨ ਨੂੰ ਵੀ ਪੂਰੀ ਤਰ੍ਹਾਂ ਨਾਲ ਮੁਥਾਜ ਹਨ | ਇਸ ਮਾੜੀ ਹਾਲਤ ਨੂੰ ਲੈ ਕੇ ਖੁਦ ਬਲਵੀਰ ਸਿੰਘ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡਿਓ ਵਾਇਰਲ ਕੀਤੀ ਸੀ | ਇਸ ਵਾਇਰਲ ਵੀਡਿਓ ਤੋਂ ਬਾਅਦ ਬਲਵੀਰ ਸਿੰਘ ਨੂੰ ਉਮੀਦ ਜਾਗੀ ਸੀ ਕਿ ਉਸਦੀ ਹਾਲਤ ਨੂੰ ਦੇਖਦਿਆਂ ਕੋਈ ਨਾ ਕੋਈ ਰਾਜਨੀਤਿਕ ਨੇਤਾ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਮਾਜ ਸੇਵੀ ਉਨ੍ਹਾਂ ਦੇ ਪਰਿਵਾਰ ਦੀ ਮੱਦਦ ਲਈ ਜ਼ਰੂਰ ਅੱਗੇ ਆਉਣਗੇ | ਪਰੰਤੂ ਅਫਸੋਸ ਦੀ ਗੱਲ ਇਨ੍ਹਾਂ ਵਿਚੋਂ ਕੋਈ ਵੀ ਉਨ੍ਹਾਂ ਦੀ ਮੱਦਦ ਲਈ ਅੱਗੇ ਨਹੀਂ ਆਇਆ | ਜਦੋਂ ਹੀ ਇਹ ਵੀਡਿਓ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ ਨੇ ਦੇਖੀ, ਤਾਂ ਉਨ੍ਹਾਂ ਨੇ ਤੁਰੰਤ ਐਸ.ਐਚ.ਓ ਤਪਾ ਜਗਜੀਤ ਸਿੰਘ ਨੂੰ ਨਿਰਦੇਸ਼ ਦੇ ਕੇ ਪਰਿਵਾਰ ਨਾਲ ਸੰਪਰਕ ਕਾਇਮ ਕਰਨ ਲਈ ਕਿਹਾ | ਜਿਸਤੋਂ ਬਾਅਦ ਐਸ.ਐਚ.ਓ. ਤਪਾ ਜਗਜੀਤ ਸਿੰਘ ਪਰਿਵਾਰ ਨੂੰ ਲੈ ਕੇ ਐਸ.ਐਸ.ਪੀ. ਦਫ਼ਤਰ ਬਰਨਾਲਾ ਪਹੁੰਚੇ | ਜਿਥੇ ਐਸ.ਐਸ.ਪੀ. ਸੰਦੀਪ ਗੋਇਲ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਦੁੱਖ ਸਮਝਿਆ ਅਤੇ ਉਨ੍ਹਾਂ ਦੇ ਸਵ. ਪਿਤਾ ਜੀ ਦੇ ਕੀਤੇ ਕੰਮਾਂ ਨੂੰ ਨਮਸਤਕ ਕੀਤਾ | ਇਸਤੋਂ ਬਾਅਦ ਪਰਿਵਾਰ ਨੂੰ ਦੋ ਮਹੀਨਿਆਂ ਦਾ ਰਾਸ਼ਣ ਅਤੇ ਹੋਰ ਲੋਂੜੀਦਾ ਸਮਾਨ ਮੁਹੱਈਆ ਕਰਵਾਇਆ |

ਬਾਲਿਆਂ ਦੀ ਛੱਤ ਅਤੇ ਤਪਦੀ ਗਰਮੀ ‘ਚ ਹੰਝੂ ਵਹਾਉਂਦਿਆਂ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਤਾਰਾ ਸਿੰਘ 1939 ਵਿਚ ਅੰਗਰੇਜਾਂ ਦੇ ਰਾਜ ਸਮੇਂ ਫੌਜ ਵਿਚ ਭਰਤੀ ਹੋਏ ਸਨ, 1941 ਵਿਚ ਜਦੋਂ ਉਹ ਟ੍ਰੇਨਿੰਗ ਲਈ ਸਿੰਘਾਪੁਰ ਦੇ ਸ਼ਹਿਰ ਮੇਨਾਲਿਆ ‘ਚ ਜਰਨਲ ਮੋਹਨ ਸਿੰਘ ਦੀ ਅਗਵਾਈ ‘ਚ ਗਏ ਤਾਂ ਉਨ੍ਹਾਂ ਨੂੰ ਜਪਾਨੀਆਂ ਨੇ ਬੰਦੀ ਬਣਾ ਲਿਆ | ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸੁਭਾਸ਼ ਚੰਦਰ ਬੋਸ ਜੀ ਨਾਲ ਹੋਈ। ਜਿਸਤੋਂ ਬਾਅਦ ਸੁਭਾਸ਼ ਚੰਦਰ ਬੋਸ ਜੀ ਨੇ ਉਨ੍ਹਾਂ ਨੂੰ ਸੰਬੋਧਿਤ ਕੀਤਾ ਅਤੇ ਫਿਰ ਉਹ ਸੁਭਾਸ਼ ਚੰਦਰ ਬੋਸ ਜੀ ਦੀ ਅਗਵਾਈ ‘ਚ ਇੰਡੀਆ ਆ ਗਏ ਅਤੇ ਉਨ੍ਹਾਂ ਵੱਲੋਂ ਸੁਭਾਸ਼ ਚੰਦਰ ਬੋਸ ਜੀ ਦੇ ਨਾਲ ਦੇਸ਼ ਦੀ ਅਜਾਦੀ ਲਈ ਕਈ ਲੜਾਈਆਂ ਲੜੀਆਂ ਅਤੇ ਦੇਸ਼ ਨੂੰ ਅਜਾਦ ਕਰਵਾਉਣ ‘ਚ ਆਪਣਾ ਸਹਿਯੋਗ ਦਿੱਤਾ | ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਹੁੰਦੀ, ਉਨ੍ਹਾਂ ਦੇ ਪਿਤਾ ਸ. ਤਾਰਾ ਸਿੰਘ ਨੂੰ 15 ਅਗਸਤ 1972 ਨੂੰ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਕੰਮਾਂ ਵਜੋਂ ਤਾਮਰ ਪੱਤਰ ਨਾਲ ਵੀ ਸਨਮਾਨਿਤ ਕੀਤਾ ਅਤੇ ਇਸਤੋਂ ਬਿਨਾਂ ਉਨ੍ਹਾਂ ਦੇ ਪਿਤਾ ਨੂੰ ਪੰਜਾਬ ਸਰਕਾਰ ਵੱਲੋਂ ਵੀ ਦੇਸ਼ ਦੀ ਅਜਾਦੀ ਲਈ ਕੀਤੇ ਕੰਮਾਂ ਵਜੋਂ ਪ੍ਰਮਾਣ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਜਨਮ 1920 ਨੂੰ ਪਿੰਡ ਦਰਾਕਾ (ਤਪਾ) ਵਿਖੇ ਹੋਇਆ ਸੀ ਅਤੇ 1990 ਵਿਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ | ਉਨ੍ਹਾਂ ਪਰਿਵਾਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਦੋ ਭਰਾ ਸਨ | ਜਿਸ ਵਿਚ ਉਨ੍ਹਾਂ ਦੇ ਇਕ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਦੂਸਰੇ ਉਹ ਖੁਦ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਦੇ ਤਾਮਰ ਪੱਤਰ ਅਤੇ ਪ੍ਰਮਾਣ ਪੱਤਰ ਲੈ ਕੇ ਸਰਕਾਰੀ ਨੌਕਰੀ ਲਈ ਵੀ ਕਾਫੀ ਜੱਦੋ ਜਹਿਦ ਕੀਤੀ, ਲੇਕਿਨ ਬਿਨਾਂ ਮਾਯੂਸੀ ਉਨ੍ਹਾਂ ਦੇ ਕੁਝ ਵੀ ਪੱਲੇ ਨਹੀਂ ਪਿਆ | 2009 ਵਿਚ ਉਨ੍ਹਾਂ ਦਾ ਬਚਿਆ ਇਕੋ ਇਕ ਸਹਾਰਾ ਉਨ੍ਹਾਂ ਦੀ ਮਾਤਾ ਗੁਰਦਿਆਲ ਕੌਰ ਵੀ ਉਨ੍ਹਾਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਏ | ਉਨ੍ਹਾਂ ਕਿਹਾ ਕਿ ਜਦੋਂ ਇਨਸਾਨ ਦਾ ਸਮਾਂ ਮਾੜਾ ਹੁੰਦਾ ਹੈ, ਤਾਂ ਸੋਨੇ ਨੂੰ ਹੱਥ ਲਾਏ ਵੀ ਕੋਇਲਾ ਬਣ ਜਾਂਦਾ ਹੈ | ਇਸ ਤਰ੍ਹਾਂ ਹੀ ਉਨ੍ਹਾਂ ਨਾਲ ਹੋਇਆ ਹੈ, ਹੁਣ ਉਹ ਪਿੰਡ ਦਰਾਕਾ ਵਿਖੇ ਗੁਰੂਦੁਆਰਾ ਸਾਹਿਬ ਵਿੱਚ 5 ਹਜਾਰ ਰੁਪਏ ‘ਤੇ ਦੇਗ ਵੰਡਣ ਦੀ ਸੇਵਾ ਕਰਦੇ ਹਨ, ਇਕ ਤਾਂ ਸਰੀਰ ਬੁੱਢਾ, ਉਪਰੋਂ ਦੋ ਧੀਆਂ ਅਤੇ ਪਤਨੀ ਜਿਸ ਕਰਕੇ ਖਰਚੇ ਤਨਖਾਹ ਨਾਲੋਂ ਚਾਰ ਗੁਣਾ ਹਨ | ਉਨ੍ਹਾਂ ਕਿਹਾ ਕਿ ਜਦੋਂ ਘਰ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ, ਤਾਂ ਉਨ੍ਹਾਂ ਨੇ ਮਜਬੂਰ ਹੋ ਕੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਵੀਡਿਓ ਵਾਇਰਲ ਕੀਤੀ, ਕਿਉਂਕਿ ਉਨ੍ਹਾਂ ਕੋਲ ਇਸਤੋਂ ਬਿਨਾਂ ਹੋਰ ਕੋਈ ਵੀ ਚਾਰਾ ਨਹੀਂ ਸੀ | ਉਨ੍ਹਾਂ ਕਿਹਾ ਕਿ ਉਹ ਐਸ.ਐਸ.ਪੀ. ਸੰਦੀਪ ਗੋਇਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੋ ਮਹੀਨਿਆਂ ਦਾ ਰਾਸ਼ਣ ਅਤੇ ਕੋਰੋਨਾ ਕਿੱਟ ਮੁਹੱਈਆ ਕਰਵਾਈ ਅਤੇ ਅੱਗੇ ਹੋਰ ਵੀ ਆਰਥਿਕ ਮੱਦਦ ਕਰਨ ਦਾ ਭਰੋਸਾ ਦਿਵਾਇਆ ਹੈ |

ਦੱਸ ਦੇਈਏ ਕਿ ਐਸ.ਐਸ.ਪੀ. ਸੰਦੀਪ ਗੋਇਲ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਕੇ ਅਕਸਰ ਹੀ ਲੋੜਵੰਦਾਂ ਦੀ ਮੱਦਦ ਕਰਦੇ ਹਨ | ਇਸਤੋਂ ਪਹਿਲਾਂ ਉਨ੍ਹਾਂ ਨੇ ਗਲੀ ਗਲੀ ਘੁੰਮ ਰਹੇ ਇਕ ਇੰਟਰਨੈਸ਼ਨਲ ਕੁਸ਼ਤੀ ਖਿਡਾਰੀ ਐਕਸ਼ਨ ਖਟਖਰ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਕੇ ਉਨ੍ਹਾਂ ਦੇ ਪਰਿਵਾਰ ਤੋਂ ਬੇਤਹਾਸ਼ਾ ਅਸ਼ੀਸਾਂ ਲਈਆਂ ਸਨ | ਇਸਤੋਂ ਬਾਅਦ ਉਨ੍ਹਾਂ ਨੇ ਪਿੰਡ ਭੱਦਲਵੱਢ ਦੇ ਗੁਰਤਾਰ ਸਿੰਘ ਜੋ ਕਿ ਦੋ ਸਾਲ ਤੋਂ ਇਲਾਜ ਲਈ ਤੜਫ਼ ਰਹੇ ਸਨ, ਉਨ੍ਹਾਂ ਦੀ ਡੀਐਮਸੀ ਲੁਧਿਆਣਾ ਤੋਂ ਸਰਜਰੀ ਕਰਵਾ ਕੇ ਉਸਦਾ ਇਲਾਜ ਸ਼ੁਰੂ ਕਰਵਾਇਆ ਹੋਇਆ ਹੈ ਅਤੇ ਹੁਣ ਉਨ੍ਹਾਂ ਨੇ ਸਵ. ਸੁਤੰਤਰਤਾ ਸੈਨਾਨੀ ਤਾਰਾ ਸਿੰਘ ਦੇ ਬੇਟੇ ਬਲਵੀਰ ਸਿੰਘ ਦੀ ਮਦਦ ਕਰਨ ਦਾ ਜਿੰਮਾ ਚੁੱਕਿਆ ਹੈ, ਜੋ ਕਿ ਬਹੁਤ ਹੀ ਵਧੀਆ ਗੱਲ ਹੈ |