ਲੜਕੀ ਦੀ ਕੁੱਟਮਾਰ ਕਰਨ ‘ਤੇ ਜਵਾਈ ਦਾ ਸਹੁਰੇ ਪਰਿਵਾਰ ਨੇ ਦੱਬਕੇ ਚਾੜ੍ਹਿਆ ਫ਼ੈਂਟਾ, ਜਵਾਈ ਦੇ ਬਿਆਨ ‘ਤੇ ਸਹੁਰਾ ਪਰਿਵਾਰ ਦੇ 5 ਜਣਿਆ ਖਿਲਾਫ਼ ਹੋਇਆ ਥਾਣਾ ਮਹਿਲਕਲਾਂ ਵਿਖੇ ਕੇਸ ਦਰਜ

0
0

ਬਰਨਾਲਾ, 10 ਅਕਤੂਬਰ (ਅਮਨਦੀਪ ਰਠੌੜ)-ਜ਼ਿਲ੍ਹੇ ਦੇ ਪਿੰਡ ਮੂਮ ਨਿਵਾਸੀ ਬੂਟਾ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਬੀਤੇ ਦਿਨੀਂ ਲੜ੍ਹਾਈ-ਝਗੜ੍ਹਾ ਹੋ ਗਿਆ ਸੀ | ਜਿਸਤੋਂ ਬਾਅਦ ਹਰਪ੍ਰੀਤ ਕੌਰ ਦਾ ਪੇਕਾ ਪਰਿਵਾਰ ਉਸਨੂੰ ਆਪਣੇ ਨਾਲ ਪਿੰਡ ਸ਼ੇਰਪੁਰ ਲੈ ਆਇਆ | ਪਤਨੀ ਦੇ ਜਾਂਦਿਆਂ ਹੀ ਬੂਟਾ ਸਿੰਘ ਫ਼ਿਰ ਤੋਂ ਆਪਣੇ ਕੰਮ ਕਾਰ ਵਿੱਚ ਜੁਟ ਗਿਆ, ਪ੍ਰੰਤੂ ਹਰਪ੍ਰੀਤ ਕੌਰ ਦੀ ਬੂਟਾ ਸਿੰਘ ਵੱਲੋਂ ਕੀਤੀ ਕੁੱਟਮਾਰ ਦਾ ਗੁਬਾਰ ਪੇਕੇ ਪਰਿਵਾਰ ਦੇ ਦਿਲ ਵਿੱਚ ਪੂਰੀ ਤਰ੍ਹਾਂ ਨਾਲ ਉਬਾਲੇ ਮਾਰ ਰਿਹਾ ਸੀ | ਇਸਤੋਂ ਬਾਅਦ ਉਨ੍ਹਾਂ ਨੇ ਇਹ ਗੁਬਾਰ ਉਸੇ ਸ਼ਾਮ ਹੀ ਬੂਟਾ ਸਿੰਘ ਦੇ ਘਰ ਪਹੁੰਚਕੇ ਉਸਦੀ ਚੰਗੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਕੱਢਿਆ ਅਤੇ ਆਪਣਾ ਮਨ ਹੋਲਾ ਕਰਿਆ | ਜਿਸਤੋਂ ਬਾਅਦ ਸਹੁਰਾ ਪਰਿਵਾਰ ਦੀ ਕੁੱਟ ਦਾ ਸ਼ਿਕਾਰ ਹੋਏ ਬੂਟਾ ਸਿੰਘ ਨੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਆਪਣੀ ਨਾਲ ਹੋਈ ਕੁੱਟਮਾਰ ਦੀ ਦਾਸਤਾਨ ਸੁਣਾਈ, ਜਿੱਥੇ ਉਸਨੇ ਪੁਲਿਸ ਨੂੰ ਦਰਜ ਬਿਆਨ ਵਿੱਚ ਕਿਹਾ ਕਿ ਉਸਦਾ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ 8 ਅਕਤੂਬਰ ਨੂੰ ਕਿਸੇ ਗੱਲੋਂ ਲੜ੍ਹਾਈ ਝਗੜ੍ਹਾ ਹੋ ਗਿਆ ਸੀ | ਜਿਸਤੋਂ ਬਾਅਦ ਉਸਦਾ ਸਹੁਰਾ ਪਰਿਵਾਰ ਉਸਦੀ ਪਤਨੀ ਹਰਪ੍ਰੀਤ ਕੌਰ ਨੂੰ ਆਪਣੇ ਨਾਲ ਪਿੰਡ ਸ਼ੇਰਪੁਰ ਲੈ ਗਏ ਸਨ | ਫ਼ਿਰ ਉਸੇ ਦਿਨ ਦੀ ਸ਼ਾਮ ਨੂੰ ਜਦੋਂ ਉਹ ਆਪਣੇ ਘਰ ਸੁੱਤਾ ਪਿਆ ਸੀ ਤਾਂ ਇੱਕ ਦਮ ਗੇਟ ਖੜ੍ਹਕਨ ਦੀ ਅਵਾਜ ਸੁਣਾਈ ਦਿੱਤੀ | ਜਦੋਂ ਉਸਨੇ ਬਾਹਰ ਨਿਕਲਕੇ ਲਾਈਟ ਜਗਾਈ ਤਾਂ ਇੰਨ੍ਹੇ ਵਿੱਚ ਅਮਨਦੀਪ ਸਿੰਘ ਜੋਕਿ ਉਸਦੇ ਚਾਚੇ ਸਹੁਰੇ ਦਾ ਮੁੰਡਾ ਹੈ, ਗੇਟ ਟੱਪਕੇ ਅੰਦਰ ਆ ਗਿਆ ਤੇ ਅੰਦਰੋ ਗੇਟ ਖੋਲ ਦਿੱਤਾ | ਇਸਤੋਂ ਬਾਅਦ ਉਸਦਾ ਚਾਚਾ ਸਹੁਰਾ ਨਛੱਤਰ ਸਿੰਘ ਅਤੇ 3 ਹੋਰ ਨਾਮਾਲੂਮ ਵਿਅਕਤੀ ਵੀ ਉਨ੍ਹਾਂ ਦੇ ਘਰ ਦੇ ਅੰਦਰ ਦਾਖਿਲ ਹੋ ਗਏ, ਜੋ ਲਲਕਾਰੇ ਮਾਰਦੇ ਹੋਏ ਕਹਿਣ ਲੱਗੇ ਕਿ ਇਸਨੂੰ ਅੱਜ ਹਰਪ੍ਰੀਤ ਕੌਰ ਦੀ ਕੁੱਟਮਾਰ ਕਰਨ ਦਾ ਮਜ੍ਹਾ ਚਖਾਉਂਦੇ ਹਾਂ | ਜਿਸਤੋਂ ਬਾਅਦ ਉਨ੍ਹਾਂ ਨੇ ਉਸਦੀ ਕਾਫ਼ੀ ਕੁੱਟਮਾਰ ਕੀਤੀ | ਉਸਦੀ ਹੁੰਦੀ ਕੁੱਟਮਾਰ ਨੂੰ ਦੇਖਕੇ ਜਦੋਂ ਉਸਦੀ ਮਾਤਾ ਨੇ ਰੋਲਾ ਪਾਇਆ ਤਾਂ ਉਕਤ ਸਾਰੇ ਵਿਅਕਤੀ ਮੌਕੇ ਤੋਂ ਹਥਿਆਰਾਂ ਸਮੇਤ ਭੱਜ ਗਏ, ਪ੍ਰੰਤੂ ਭੱਜਦੇ ਸਮੇਂ ਉਨ੍ਹਾਂ ਦੀ ਵਰਨਾ ਕਾਰ ਬਿਜਲੀ ਵਾਲੇ ਖੰਭੇ ਨਾਲ ਜਾ ਟਕਰਾਈ | ਜਿਸ ਕਰਕੇ ਖੰਭਾ ਵੀ ਟੁੱਟ ਗਿਆ, ਲੇਕਿਨ ਉਹ ਫ਼ਿਰ ਵੀ ਫ਼ਰਾਰ ਹੋ ਗਏ | ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੂਟਾ ਸਿੰਘ ਪੁੱਤਰ ਜਗਰਾਜ ਸਿੰਘ ਨਿਵਾਸੀ ਮੂਮ ਦੇ ਬਿਆਨ ਦੇ ਅਧਾਰ ‘ਤੇ ਉਸਦੇ ਚਾਚੇ ਸਹੁਰੇ ਦੇ ਮੁੰਡੇ ਅਮਨਦੀਪ ਸਿੰਘ, ਚਾਚਾ ਸਹੁਰਾ ਨਛੱਤਰ ਸਿੰਘ ਅਤੇ ਬਾਕੀ ਦੇ 3 ਨਾਮਾਲੂਮ ਵਿਅਕਤੀਆਂ ਖਿਲਾਫ਼ ਅਧੀਨ ਧਾਰਾ 458, 324, 506, 427, 148 ਅਤੇ 149 ਆਈਪੀਸੀ ਤਹਿਤ ਥਾਣਾ ਮਹਿਲ ਕਲਾਂ ਵਿਖੇ ਕੇਸ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੁੂ ਕਰ ਦਿੱਤੀ ਹੈ |