Barnala Election Result 2022 : ਤਿੰਨੋਂ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ 40 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਜੋ ਬੰਦ ਸੀ
ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ‘ਤੇ 2017 ਵਾਂਗ 2022 ‘ਚ ਵੀ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰਿਹਾ ਹੈ। ਜਿੱਥੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਲਗਾਤਾਰ ਦੂਸਰੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ 37000 ਵੋਟਾਂ ਤੋਂ ਵੱਧ ਦੀ ਲੀਡ ਰੱਖੀ ਹੈ, ਉੱਥੇ ਹੀ ਕਾਂਗਰਸ ਪਾਰਟੀ ਦੇ ਕੌਮੀ ਖਜ਼ਾਨਚੀ ਤੇ ਸਾਬਕਾ ਰੇਲ ਮੰਤਰੀ ਦੇ ਫ਼ਰਜ਼ੰਦ ਮਨੀਸ਼ ਬਾਂਸਲ ਨੂੰ ਕਰਾਰੀ ਹਾਰ ਦਿੰਦਿਆਂ ਤੀਜਾ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਕੀ ਤੂੰ ਨੂੰ ਦੂਜੇ ਸਥਾਨ ‘ਤੇ ਰੱਖਿਆ ਹੈ। ਰਾਖਵਾਂ ਹਲਕਾ ਮਹਿਲ ਕਲਾਂ ਤੋਂ ਲਗਾਤਾਰ ਦੂਜੀ ਵਾਰ ਕੁਲਵੰਤ ਸਿੰਘ ਪੰਡੋਰੀ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਕਰੀਬ 30,000 ਵੋਟਾਂ ਤੋਂ ਵੱਧ ਦੀ ਲੀਡ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਸਿਮਰਨਜੀਤ ਸਿੰਘ ਮਾਨ ਦੇ ਪੀਏ ਗੁਰਜੰਟ ਸਿੰਘ ਕੱਟੂ ਨੂੰ ਹਰਾਇਆ ਹੈ।
ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਲਗਾਤਾਰ ਕੁਲਵੰਤ ਸਿੰਘ ਪੰਡੋਰੀ ਤੋਂ ਦੂਸਰੀ ਵਾਰ ਚੋਣ ਹਾਰ ਕੇ ਤੀਜੇ ਸਥਾਨ ‘ਤੇ ਰਹੇ ਹਨ। ਰਾਖਵਾਂ ਹਲਕਾ ਭਦੌੜ ਹੌਟ ਸੀਟ ਵਜੋਂ ਚਰਚਿਤ ਹੋਈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਮਜ਼ਦੂਰ ਨੌਜਵਾਨ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ 11ਵੇੰ ਰਾਊਂਡ ਤੱਕ ਕਰੀਬ 33000 ਤੋਂ ਵੱਧ ਦੀ ਲੀਡ ਲੈ ਤੀਸਰੇ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਐਡਵੋਕੇਟ ਉਮੀਦਵਾਰ ਸਤਨਾਮ ਸਿੰਘ ਰਾਹੀ ਰਹੇ ਹਨ। ਜ਼ਿਲ੍ਹੇ ‘ਚ ਜਿੱਥੇ ਤਿੰਨੇ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਹਨ ਉੱਥੇ ਹੀ ਕਾਂਗਰਸ ਪਾਰਟੀ ਹਲਕਾ ਬਰਨਾਲਾ ਤੇ ਰਾਖਵਾਂ ਹਲਕਾ ਮਹਿਲ ਕਲਾਂ ਤੋਂ ਤੀਜੇ ਸਥਾਨ ‘ਤੇ ਰਹੀ ਹੈ ਜਦਕਿ ਖ਼ੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਭਦੌੜ ਤੋਂ ਚੋਣ ਹਾਰੇ ਹਨ।