ਮੈਂ ਕੈਨੇਡਾ ਤੋਂ ਇੰਮੀਗ੍ਰੇਸ਼ਨ ਅਫ਼ਸਰ ਹਾਂ, ਤੁਸੀ ਮੈਨੂੰ ਦੋ ਲੱਖ ਰੁਪਏ ਦੇ ਦੇਵੋ, ਮੈਂ ਤੁਹਾਡੀ ਬੇਟੀ ਬੇਅੰਤ ਕੌਰ ਨੂੰ ਡਿਪੋਰਟ ਹੋਣ ਤੋਂ ਬਚਾ ਲਵਾਂਗਾ, ਇਹ ਸ਼ਬਦ ਕਹਿਕੇ ਬੇਅੰਤ ਕੌਰ ਦੇ ਪਰਿਵਾਰ ਨੂੰ ਲੁੱਟਣ ਆਇਆ ਸੀ ਪਿੰਡ ਭੋਗਪੁਰ ਦਾ ਨਵਦੀਪ ਸਿੰਘ

0
34

-ਨਵਦੀਪ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਕੇ ਮੰਗਿਆ ਜਾਵੇਗਾ ਪੁਲਿਸ ਰਿਮਾਂਡ-ਚੌਂਕੀ ਇੰਚਾਰਜ਼ ਬਲਦੇਵ ਸਿੰਘ-

ਬਰਨਾਲਾ, 16 ਜੁਲਾਈ (ਅਮਨਦੀਪ ਰਠੌੜ)–ਪਿੰਡ ਧਨੌਲਾ ਦੇ ਲਵਪ੍ਰੀਤ ਸਿੰਘ ਅਤੇ ਪਿੰਡ ਖੁੱਡੀ ਕਲ੍ਹਾਂ ਦੀ ਵਸਨੀਕ ਬੇਅੰਤ ਕੌਰ ਦਾ ਇੰਨ ਦਿਨੀਂ ਸ਼ੋਸ਼ਲ ਮੀਡੀਆ ‘ਤੇ ਮਸਲਾ ਕਾਫ਼ੀ ਤੂਲ ਫ਼ੜ ਰਿਹਾ ਹੈ | ਬੇਅੰਤ ਕੌਰ ਦੇ ਖਿਲਾਫ਼ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਪਾ ਕੇ ਆਪਣੀ ਕਾਫ਼ੀ ਭੜਾਸ ਕੱਢ ਰਹੇ ਹਨ | ਇਸ ਸਭ ਦੇ ਵਿੱਚ ਇੱਕ ਸ਼ਾਤਿਰ ਦਿਮਾਗ ਲੁਟੇਰਾ ਵੀ ਪਿੱਛੇ ਨਾ ਹਟਿਆ, ਉਸਨੇ ਬੇਅੰਤ ਕੌਰ ਖਿਲਾਫ਼ ਸ਼ੋਸ਼ਲ ਮੀਡੀਆ ‘ਤੇ ਕੋਈ ਪੋਸਟ ਤਾਂ ਨਹੀਂ ਪਾਈ, ਲੇਕਿਨ ਬੇਅੰਤ ਕੌਰ ਦੇ ਪਰਿਵਾਰ ਨੂੰ ਲੁੱਟਣ ਦੀ ਜੁਗਤ ਜਰੂਰ ਬਣਾ ਲਈ | ਬੇਅੰਤ ਕੌਰ ਦੇ ਪਰਿਵਾਰ ਨੂੰ ਲੁੱਟਣ ਆਏ ਇਸ ਜਾਅਲੀ ਇੰਮੀਗ੍ਰੇਸ਼ਨ ਅਫ਼ਸਰ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਉਸਨੂੰ ਪੈਸਿਆਂ ਦੀ ਬਜਾਏ ਬੇਅੰਤ ਕੌਰ ਦੇ ਪਰਿਵਾਰ ਤੋਂ ਕਾਨੂੰਨੀ ਕਾਰਵਾਈ ਅਤੇ ਸਲਾਖਾਂ ਦੀ ਹਵਾ ਮਿਲੇਗੀ, ਜੋ ਹੁਣ ਚੌਂਕੀ ਹੰਡਿਆਇਆ ਵਿਖੇ ਖਾ ਰਿਹਾ ਹੈ |

-ਕੀ ਹੈ ਪੂਰਾ ਮਾਮਲਾ-

ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਨਿਵਾਸੀ ਖੁੱਡੀ ਕਲ੍ਹਾਂ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਅੱਠ ਕੁ ਵਜੇ ਦੇ ਕਰੀਬ ਇੱਕ ਨੌਜ਼ਵਾਨ ਗੱਡੀ ਵਿੱਚ ਸਵਾਰ ਹੋ ਕੇ ਉਨ੍ਹਾਂ ਦੇ ਘਰ ਆਇਆ ਅਤੇ ਕਹਿਣ ਲੱਗਾ ਕਿ ਮੈਂ ਕੈਨੇਡਾ ਤੋਂ ਆਇਆ ਹਾਂ ਅਤੇ ਸਰਕਾਰੀ ਇੰਮੀਗ੍ਰੇਸ਼ਨ ਅਫ਼ਸਰ ਹਾਂ | ਮੈਂ ਬੇਅੰਤ ਕੌਰ ਦੇ ਰਿਗਾਡਿੰਗ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀਂ ਹੈ | ਇਸ ਲਈ ਆਪਾਂ ਘਰੇ ਗੱਲ ਨਹੀਂ ਕਰਦੇ, ਆਪਾਂ ਕਿਸੇ ਹੋਰ ਜਗ੍ਹਾਂ ‘ਤੇ ਜਾ ਕੇ ਗੱਲ ਕਰਦੇ ਹਾਂ | ਜਦੋਂ ਉਹ ਉਕਤ ਨੌਜ਼ਵਾਨ ਦੇ ਨਾਲ ਗੱਲ ਕਰਨ ਲਈ ਘਰ ਤੋਂ ਬਾਹਰ ਗਏ ਤਾਂ, ਇੰਨ੍ਹੇ ਵਿੱਚ ਉਸਦੇ ਚਾਚਾ ਜੀ ਦਾ ਮੁੰਡਾ ਬਾਹਰ ਆ ਗਿਆ, ਜਿਸਦਾ ਘਰ ਉਨ੍ਹਾਂ ਦੇ ਨਾਲ ਹੀ ਹੈ | ਉਸਨੇ ਆਪਣੇ ਚਾਚਾ ਜੀ ਦੇ ਮੁੰਡੇ ਨੂੰ ਕਿਹਾ ਕਿ ਇਹ ਵਿਅਕਤੀ ਆਪਣੇ ਨਾਲ ਕੋਈ ਜਰੂਰੀ ਗੱਲ ਕਰਨੀ ਚਾਹੁੰਦਾ ਹੈ | ਫ਼ਿਰ ਉਸਦੇ ਚਾਚਾ ਜੀ ਦਾ ਮੁੰਡਾ ਉਕਤ ਵਿਅਕਤੀ ਨੂੰ ਆਪਣੇ ਘਰ ਲੈ ਗਿਆ | ਜਿੱਥੇ ਉਨ੍ਹਾਂ ਨੁੂੰ ਉਕਤ ਵਿਅਕਤੀ ਕਹਿੰਦਾ ਕਿ ਮੈਂ ਤੁਹਾਡੀ ਬੇਟੀ ਬੇਅੰਤ ਕੌਰ ਨੂੰ ਡਿਪੋਰਟ ਹੋਣ ਤੋਂ ਬਚਾ ਸਕਦਾ ਹਾਂ ਅਤੇ ਤੁਹਾਡੇ ਤੇ ਪਰਚੇ ਹੋਣ ਤੋਂ ਵੀ ਬਚਾ ਲਵਾਂਗਾ | ਇਸ ਲਈ ਤੁਸੀ ਮੈਨੂੰ ਦੋ ਲੱਖ ਰੁਪਏ ਦੇ ਦੇਵੋ | ਪਹਿਲਾਂ ਤੁਹਾਨੂੰ ਪੰਜਾਹ ਹਜ਼ਾਰ ਰੁਪਏ ਦੇਣੇ ਪੈਣਗੇ ਅਤੇ ਬਾਕੀ ਦੇ ਪੈਸੇ ਬਾਅਦ ‘ਚ ਦੇਣੇ ਪੈਣਗੇ | ਉਕਤ ਵਿਅਕਤੀ ਦੇ ਇਹ ਸ਼ਬਦ ਸੁਣਕੇ ਫ਼ਿਰ ਉਨ੍ਹਾਂ ਨੇ ਆਪਣੇ ਇੱਕ ਵਕੀਲ ਦੋਸਤ ਨੂੰ ਫ਼ੋਨ ਲਗਾ ਕੇ ਪੁੱਛਿਆ ਕਿ ਕੋਈ ਇੰਮੀਗ੍ਰੇਸ਼ਨ ਅਫ਼ਸਰ ਉਨ੍ਹਾਂ ਤੋਂ ਇਸ ਤਰ੍ਹਾਂ ਪੈਸਿਆਂ ਦੀ ਮੰਗ ਕਰ ਰਿਹਾ ਹੈ | ਜਿਸਤੋਂ ਬਾਅਦ ਉਨ੍ਹਾਂ ਦੇ ਵਕੀਲ ਦੋਸਤ ਨੇ ਉਨ੍ਹਾਂ ਨੂੰ ਕਿਹਾ ਕਿ ਉਕਤ ਵਿਅਕਤੀ ਤੋਂ ਉਸਦਾ ਆਈ ਕਾਰਡ ਮੰਗਿਆ ਜਾਵੇ, ਜਦੋਂ ਉਨ੍ਹਾਂ ਨੇ ਉਕਤ ਵਿਅਕਤੀ ਤੋਂ ਉਸਦਾ ਆਈਡੀ ਕਾਰਡ ਮੰਗਿਆ ਤਾਂ ਉਹ ਟਾਲ ਮਟੋਲ ਕਰਨ ਲੱਗ ਪਿਆ ਅਤੇ ਕਹਿਣ ਲੱਗਾ ਕਿ ਮੈਂ ਆਪਣਾ ਪਰਸ ਘਰ ਭੁੱਲ ਆਇਆ ਹਾਂ | ਜਿਸਤੋਂ ਬਾਅਦ ਉਨ੍ਹਾਂ ਦਾ ਸ਼ੱਕ ਯਕੀਨ ‘ਚ ਬਦਲ ਗਿਆ ਅਤੇ ਉਨ੍ਹਾਂ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਫ਼ੋਨ ਕਰਕੇ ਬੁਲਾਇਆ ਅਤੇ ਇਸ ਸਬੰਧ ‘ਚ ਜਾਣਕਾਰੀ ਦਿੱਤੀ | ਜਿਸਤੋਂ ਬਾਅਦ ਸਰਪੰਚ ਖੁੱਡੀ ਕਲ੍ਹਾਂ ਨੇ ਪੁਲਿਸ ਨੂੰ ਸੂਚਿਤ ਕਰਕੇ ਉਕਤ ਨੌਜ਼ਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ |

-ਇੰਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਜਾਅਲੀ ਇੰਮੀਗ੍ਰੇਸ਼ਨ ਅਫ਼ਸਰ ‘ਤੇ-

ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ਼ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਦੇ ਬਿਆਨ ‘ਤੇ ਨਵਦੀਪ ਸਿੰਘ ਪਿੰਡ ਭੋਗਪੁਰ ਜ਼ਿਲ੍ਹਾ ਜਲੰਧਰ ਦੇ ਖਿਲਾਫ਼ ਧਾਰਾ 385, 419, 170 ਅਤੇ 506 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਨਵਦੀਪ ਸਿੰਘ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਉਸਦਾ ਹੋਰ ਰਿਮਾਂਡ ਹਾਸਿਲ ਕਰਨ ਦੀ ਮੰਗ ਕੀਤੀ ਜਾਵੇਗੀ | ਰਿਮਾਂਡ ਮਿਲਣ ਤੋਂ ਬਾਅਦ ਉਕਤ ਵਿਅਕਤੀ ਤੋਂ ਹੋਰ ਗਹਿਰਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਤਾਂਕਿ ਹੋਰ ਵੀ ਅਹਿਮ ਖੁਲਾਸੇ ਹੋ ਸਕਣ?

-ਕਿਰਾਏ ਦੀ ਗੱਡੀ ਕਰਵਾਕੇ ਪਹੁੰਚਿਆਂ ‘ਸੀ ਬੇਅੰਤ ਕੌਰ ਦੇ ਘਰ ਜਾਅਲੀ ਇੰਮੀਗ੍ਰੇਸ਼ਨ ਅਫ਼ਸਰ ਨਵਦੀਪ ਸਿੰਘ –

ਪਿੰਡ ਭੋਗਪੁਰ ਦਾ ਨਿਵਾਸੀ ਨਵਦੀਪ ਸਿੰਘ ਜੋ ਕਿ ਜਾਅਲੀ ਇੰਮੀਗ੍ਰੇਸ਼ਨ ਅਫ਼ਸਰ ਬਣਕੇ ਡਰਾਇਵਰ ‘ਤੇ ਉਸਦੀ ਕਾਰ ਨੂੰ ਕਿਰਾਏ ‘ਤੇ ਲੈ ਕੇ ਪਿੰਡ ਖੁੱਡੀ ਕਲ੍ਹਾਂ ਬੇਅੰਤ ਕੌਰ ਦੇ ਘਰ ਠੱਗੀ ਕਰਨ ਲਈ ਪਹੁੰਚਿਆ ਸੀ | ਜਦੋਂ ਜਾਅਲੀ ਬਣੇ ਇੰਮੀਗ੍ਰੇਸ਼ਨ ਅਫ਼ਸਰ ਨਵਦੀਪ ਸਿੰਘ ਦਾ ਭਾਂਡਾ ਫੁੱਟ ਗਿਆ ਤਾਂ ਕਾਰ ਡਰਾਇਵਰ ਵੀ ਇੱਕ ਦਮ ਹੈਰਾਨ ਪਰੇਸ਼ਾਨ ਹੋ ਗਿਆ ਅਤੇ ਉਸਨੇ ਬੇਅੰਤ ਕੌਰ ਦੇ ਪਰਿਵਾਰ ਅਤੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਤਾਂ ਉਕਤ ਵਿਅਕਤੀ ਕਿਰਾਏ ‘ਤੇ ਗੱਡੀ ਕਰਵਾ ਕੇ ਨਾਲ ਲਿਆਇਆ ਸੀ | ਉਸਨੂੰ ਕੀ ਪਤਾ ਸੀ ਕਿ ਉਕਤ ਵਿਅਕਤੀ ਇਸ ਤਰ੍ਹਾਂ ਠੱਗੀ ਕਰਨ ਲਈ ਉਸਨੂੰ ਪਿੰਡ ਲੈ ਕੇ ਆ ਰਿਹਾ ਹੈ |