ਮਹਿਲਾ ਕੌਂਸਲਰ ਦੀ ਕੁੱਟਮਾਰ ਕਰਕੇ ਉਸਤੋਂ ਲੁੱਟਖੋਹ ਕਰਨ ਵਾਲੇ ਦੋਵੇਂ ਲੁਟੇਰੇ 10 ਦਿਨ ਬੀਤ ਜਾਣ ‘ਤੇ ਵੀ ਨਹੀਂ ਆਏ ਪੁਲਿਸ ਅੜਿੱਕੇ

0
29

-ਲੁਟੇਰਿਆਂ ਦੀ ਭਾਲ ਵਿੱਚ ਜੁਟੇ ਹੋਏ ਹਾਂ, ਜਲਦ ਹੀ ਦੋਵੇਂ ਲੁਟੇਰੇ ਕਾਬੂ ਕਰ ਲਏ ਜਾਣਗੇ-ਐਸ.ਐਚ.ਓ.ਲਖਵਿੰਦਰ ਸਿੰਘ

ਬਰਨਾਲਾ- 24 ਸਤੰਬਰ (ਅਮਨਦੀਪ ਰਠੌੜ)-14 ਸਤੰਬਰ ਦਿਨ ਦਿਨ ਮੰਗਲਵਾਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬਰਨਾਲਾ ‘ਚ ਦੋ ਲੁਟੇਰਿਆਂ ਨੇ ਇੱਕ ਮੌਜੂਦਾ ਮਹਿਲਾ ਕੌਂਸਲਰ ਨੂੰ ਨਿਸ਼ਾਨਾ ਬਣਾਉਂਦਿਆਂ ਉਸਦੀ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਉਸਤੋਂ ਜੇਵਰਾਤ ਅਤੇ ਮੋਬਾਇਲ ਲੁੱਟਕੇ ਨੌ ਦੋ ਗਿਆਰਾਂ ਹੋ ਗਏ ਸਨ | ਜਿਸਤੋ ਬਾਅਦ ਪੁਲਿਸ ਨੇ ਪੀੜਿਤ ਮਹਿਲਾ ਕੌਂਸਲਰ ਦੇ ਬਿਆਨ ਦਰਜ ਕਰਕੇ ਸੀਸੀਟੀਵੀ ਕੈਮਰੇ ਖੰਗਾਲਕੇ ਦੋਵੇਂ ਲੁਟੇਰਿਆਂ ਦੀ ਪੈੜ ਦੱਬਨੀ ਸ਼ੁਰੂ ਕਰ ਦਿੱਤੀ ਸੀ, ਪ੍ਰੰਤੂ ਮਾਯੂਸੀ ਦੀ ਗੱਲ ਇਹ ਹੈ ਕਿ ਘਟਨਾ ਦੇ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਹਨ, ਭਾਵਕਿ ਦੋਵੋਂ ਲੁਟੇਰਿਆਂ ਦੀ ਅਜੇ ਤੱਕ ਪੁਲਿਸ ਨੂੰ ਕੋਈ ਉੱਗ ਸੁੱਗ ਨਹੀਂ ਮਿਲੀ | ਜਿਸ ਕਰਕੇ ਮਹਿਲਾ ਕੌਂਸਲਰ ਦੇ ਪਰਿਵਾਰਕ ਮੈਂਬਰਾਂ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਿਵਾਸੀਆਂ ਵਿੱਚ ਪੁਲਿਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਦੋਵੇਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਖਿਲਾਫ਼ ਸਖਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ | ਹੁਣ ਦੇਖਣਾ ਇਹ ਹੈ ਕਿ ਪੁਲਿਸ ਲੁਟੇਰਿਆਂ ਨੂੰ ਪਕੜ੍ਹਨ ਲਈ ਛਾਪੇਮਾਰੀ ਤੇਜ ਕਰਦੀ ਹੈ ਜਾਂ ਫ਼ਿਰ ਇਸ ਨੂੰ ਠੰਡੇ ਬਸਤੇ ‘ਚ ਹੀ ਪਾ ਕੇ ਹੀ ਮਾਮਲਾ ਰਫ਼ਾ ਦਫ਼ਾ ਕਰ ਦਿੰਦੀ ਹੈ | ਇਸਦਾ ਪਤਾ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਹੀ ਚੱਲ ਪਾਏਗਾ |
-ਇਸ ਤਰ੍ਹਾਂ ਦਿੱਤਾ ਸੀ ਦੋਵੇਂ ਲੁਟੇਰਿਆਂ ਨੇ ਘਟਨਾ ਨੂੰ ਅੰਜ਼ਾਮ-
ਮਹਿਲਾ ਕੌਂਸਲਰ ਕਰਮਜੀਤ ਕੌਰ ਰੁਪਾਣਾ ਦੇ ਪਤੀ ਸੁਖਪਾਲ ਸਿੰਘ ਰੁਪਾਣਾ ਅਨੁਸਾਰ 14 ਸਤੰਬਰ ਦਿਨ ਮੰਗਲਵਾਰ ਨੂੰ 1.30 ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਰੁਪਾਣਾ ਜੋਕਿ ਮੌਜੂਦਾ ਕੌਂਸਲਰ ਹੈ ਘਰ ਦੇ ਵਿਹੜੇ ਵਿੱਚ ਬੈਠੀ ਕੱਪੜ੍ਹੇ ਸਿਲਾਈ ਕਰ ਰਹੀ ਸੀ | ਇੰਨ੍ਹੇ ਨੂੰ ਇੱਕ ਮੋਟਰਸਾਇਕਲ ‘ਤੇ ਦੋ ਨੌਜਵਾਨ ਸਵਾਰ ਹੋ ਕੇ ਆਏ | ਜਿੰਨ੍ਹਾਂ ਵਿੱਚੋਂ ਇੱਕ ਮੋਟਰਸਾਇਕਲ ਸਟਾਰਟ ਕਰਕੇ ਬਾਹਰ ਹੀ ਖੜ੍ਹਾ ਰਿਹਾ | ਜਦੋਂਕਿ ਦੂਸਰਾ ਘਰ ਦੇ ਅੰਦਰ ਦਾਖਿਲ ਹੋ ਗਿਆ | ਉਨ੍ਹਾਂ ਦੀ ਪਤਨੀ ਨੂੰ ਇੱਦਾਂ ਲੱਗਿਆ ਕਿ ਸ਼ਾਇਦ ਕੋਈ ਉਨ੍ਹਾਂ ਤੋਂ ਦਸਤਖਤ ਕਰਵਾਉਣ ਲਈ ਆਇਆ ਹੈ, ਕਿਉਂਕਿ ਪਹਿਲਾਂ ਵੀ ਕੋਈ ਨਾ ਕੋਈ ਉਨ੍ਹਾਂ ਤੋਂ ਦਸਖਤ ਕਰਵਾਉਣ ਲਈ ਉਨ੍ਹਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਹਨ | ਲੇਕਿਨ ਜਦੋਂ ਘਰ ਅੰਦਰ ਦਾਖਲ ਹੋਏ ਉਕਤ ਨੌਜਵਾਨ ਨੇ ਉਨ੍ਹਾਂ ਦੀ ਪਤਨੀ ਦੇ ਗਲ ‘ਚ ਪਟਾ ਪਾ ਕੇ ਉਸਦਾ ਗਲ ਘੋਟਣਾ ਚਾਹਿਆ ਤਾਂ ਉਸਦੀ ਪਤਨੀ ਪਰਮਜੀਤ ਕੌਰ ਨੇ ਬੜ੍ਹੀ ਮੁਸ਼ਕਿਲ ਨਾਲ ਆਪਣੇ ਗਲ੍ਹੇ ‘ਚੋਂ ਪਟਾ ਹਟਾਇਆ ਅਤੇ ਲੁੱਟ ਕਰਨ ਵਾਲੇ ਨੌਜ਼ਵਾਨ ਦਾ ਪੂਰਾ ਦਲੇਰੀ ਨਾਲ ਮੁਕਾਬਲਾ ਕੀਤਾ | ਜਦੋਂ ਲੁਟੇਰੇ ਦੀ ਕੋਈ ਪੇਸ਼ ਨਾ ਚੱਲੀ ਤਾਂ ਉਸਨੇ ਜੇਬ ‘ਚੋਂ ਬੇਹੋਸ਼ ਕਰਨ ਵਾਲੀ ਸ਼ੀਸ਼ੀ ਕੱਢਣੀ ਚਾਹੀ, ਲੇਕਿਨ ਉਸਦੀ ਪਤਨੀ ਨੇ ਲੁਟੇਰੇ ਤੋਂ ਉਹ ਵੀ ਸ਼ੀਸ਼ੀ ਖੋਹ ਕੇ ਪਰਾ ਸੁੱਟ ਦਿੱਤੀ | ਇਸਤੋਂ ਬਾਅਦ ਜੋ ਲੁਟੇਰਾ ਬਾਹਰ ਮੋਟਰਸਾਇਕਲ ਸਟਾਰਟ ਕਰੀਂ ਬੈਠਾ ਸੀ ਉਹ ਘਰ ਦੇ ਅੰਦਰ ਦਾਖਿਲ ਹੋ ਗਿਆ ਅਤੇ ਉਹ ਦੋਵੇਂ ਉਸਦੀ ਪਤਨੀ ‘ਤੇ ਦਾਹ ਨਾਲ ਵਾਰ ਕਰਨ ਲੱਗ ਪਏ | ਜਿਸਤੋਂ ਬਾਅਦ ਦੋਵੇਂ ਲੁਟੇਰਿਆਂ ਨੇ ਫ਼ਿਰ ਤੋਂ ਸ਼ੀਸ਼ੀ ਚੁੱਕਕੇ ਉਨ੍ਹਾਂ ਦੀ ਪਤਨੀ ਨੂੰ ਬੇਹੋਸ਼ ਕਰਕੇ ਉਸਦੀਆਂ ਕੰਨ੍ਹਾਂ ਦੀਆਂ ਵਾਲੀਆਂ, ਇੱਕ ਮੋਬਾਇਲ ਅਤੇ ਹੱਥਾਂ ‘ਚ ਪਾਈਆਂ ਦੋ ਸੋਨੇ ਦੀਆਂ ਅੰਗੂਠੀਆਂ ਲੁੱਟਕੇ ਫ਼ਰਾਰ ਹੋ ਗਏ ਸਨ | ਇਸਤੋਂ ਬਾਅਦ ਜਦੋਂ ਉਨ੍ਹਾਂ ਨੇ ਘਰ ਪਹੁੰਚਕੇ ਦੇਖਿਆ ਤਾਂ ਉਨ੍ਹਾਂ ਦੀ ਪਤਨੀ ਲਹੂ ਲੁਹਾਣ ਸੀ | ਜਿਸਨੂੰ ਉਨ੍ਹਾਂ ਨੇ ਤੁਰੰਤ ਸਿਵਲ ਹਸਪਤਾਲ ਬਰਨਾਲ ‘ਚ ਭਰਤੀ ਕਰਵਾਇਆ ਸੀ, ਜਿੱਥੇ ਇਹ ਸਾਰੀ ਘਟਨਾ ਉਨ੍ਹਾਂ ਦੀ ਪਤਨੀ ਨੇ ਹੋਸ਼ ਆਉਣ ‘ਤੇ ਦੱਸੀ ਸੀ | ਉਨ੍ਹਾਂ ਕਿਹਾ ਇਸ ਘਟਨਾ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਪੁਲਿਸ ਉਨ੍ਹਾਂ ਦੀ ਪਤਨੀ ਦੇ ਬਿਆਨ ਵੀ ਲੈ ਚੁੱਕੀ ਹੈ | ਪ੍ਰੰਤੂ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਉਹ ਲੁਟੇਰਿਆਂ ਨੂੰ ਪਕੜ੍ਹ ਨਹੀਂ ਪਾਈ ਹੈ | ਉਨ੍ਹਾਂ ਕਿਹਾ ਕਿ ਉਹ ਐਸ.ਐਸ.ਪੀ.ਭਾਗੀਰਥ ਸਿੰਘ ਮੀਨਾ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਪਤਨੀ ਦੀ ਕੁੱਟਮਾਰ ਕਰਕੇ ਉਸਤੋਂ ਗਹਿਣੇ ਅਤੇ ਮੋਬਾਇਲ ਲੁੱਟਣ ਵਾਲੇ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ |
-ਲੁਟੇਰਿਆਂ ਦੀ ਭਾਲ ਵਿੱਚ ਜੁਟੇ ਹੋਏ ਹਾਂ, ਜਲਦ ਹੀ ਦੋਵੇਂ ਲੁਟੇਰੇ ਕਾਬੂ ਕਰ ਲਏ ਜਾਣਗੇ-ਐਸ.ਐਚ.ਓ.ਲਖਵਿੰਦਰ ਸਿੰਘ
ਥਾਣਾ ਸਿਟੀ-1 ਦੇ ਐਸ.ਐਚ.ਓ.ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਟੇਰਿਆਂ ਦੀ ਭਾਲ ਵਿੱਚ ਹੀ ਜੁਟੇ ਹੋਏ ਹਨ ਅਤੇ ਜਲਦ ਹੀ ਦੋਵੇਂ ਲੁਟੇਰਿਆਂ ਨੂੰ ਉਨ੍ਹਾਂ ਵੱਲੋਂ ਕਾਬੂ ਕਰ ਲਿਆ ਜਾਵੇਗਾ |