ਬੱਸ ਵੱਲੋਂ ਸਕੂਟਰੀ ਨੂੰ ਮਾਰੀ ਟੱਕਰ ’ਚ ਔਰਤ ਦੀ ਮੌਤ, ਇੱਕ ਗੰਭੀਰ ਰੂਪ ’ਚ ਜਖਮੀ

0
375

ਰਾਏਕੋਟ, 1 ਫਰਵਰੀ(ਗੁਰਭਿੰਦਰ ਸਿੰਘ ਗੁਰੀ )— ਲੁਧਿਆਣਾ- ਬਠਿੰਡਾ ਰਾਜ ਮਾਰਗ ’ਤੇ ਸਥਿਤ ਪਿੰਡ ਨੂਰਪੁਰਾ ਵਿਖੇ ਇੱਕ ਰਫਤਾਰ ਬੱਸ ਅਤੇ ਐਕਟਿਵਾ ਸਕੂਟਰੀ ਵਿਚਕਾਰ ਹੋਈ ਟੱਕਰ ’ਚ ਇੱਕ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਨੂਰਪੁਰਾ ਦੀ ਵਸਨੀਕ 53 ਸਾਲਾ ਔਰਤ ਕਮਲਜੀਤ ਕੌਰ ਪਤਨੀ ਮਹਿੰਦਰ ਸਿੰਘ ਆਪਣੀ ਭੈਣ ਦੀ ਲੜਕੀ ਉਰਮਿਲਾ ਰਾਣੀ ਪੁੱਤਰੀ ਨਿਰਮਲ ਸਿੰਘ ਵਾਸੀ ਭੈਣੀ ਬੜਿੰਗਾ ਨਾਲ ਉਸ ਦੀ ਐਕਟਿਵਾ ਸਕੂਟਰੀ ’ਤੇ ਸਵਾਰ ਹੋ ਕੇ ਆਪਣੀ ਲੜਕੀ ਜਸਪ੍ਰੀਤ ਕੌਰ ਵਾਸੀ ਪਮਾਲ ਨੂੰ ਮਿਲਣ ਉਪਰੰਤ ਆਪਣੇ ਪਿੰਡ ਨੂਰਪੁਰਾ ਵਿਖੇ ਵਾਪਸ ਆ ਰਹੀ ਸੀ ਪ੍ਰੰਤੂ ਜਦੋਂ ਉਹ ਪਿੰਡ ਲੁਧਿਆਣਾ-ਬਠਿੰਡਾ ’ਤੇ ਪਿੰਡ ਵੱਲ ਨੂੰ ਮੁੜਨ ਲੱਗੀਆਂ ਤਾਂ ਲੁਧਿਆਣੇ ਵੱਲੋਂ ਆ ਰਹੀ ਪ੍ਰਾਈਵੇਟ ਬੱਸ ਕੰਪਨੀ ਰਾਜਧਾਨੀ ਐਕਸਪ੍ਰੈਸ ਦੀ ਤੇਜ ਰਫਤਾਰ ਬੱਸ(ਪੀਬੀ-03ਏਜੇ-6527), ਜਿਸ ਨੂੰ ਸ਼ਿਵਰਾਜ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਬਠਿੰਡਾ ਚਲਾ ਰਿਹਾ ਸੀ, ਨੇ ਜਬਰਦਸਤ ਟੱਕਰ ਮਾਰ ਦਿੱਤੀ। ਜਿਸ ਦੌਰਾਨ ਦੋਵੇਂ ਔਰਤਾਂ ਗੰਭੀਰ ਰੂਪ ਵਿਚ ਜਖਮੀ ਹੋ ਗਈਆਂ, ਜਿਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਰਾਏਕੋਟ ਦੇ ਲਾਈਫ ਕੇਅਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਕਮਲਜੀਤ ਕੌਰ ਦੀ ਮੌਤ ਹੋ ਗਈ, ਜਦਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਏ.ਐੱਸਆਈ ਜਸਵਿੰਦਰ ਸਿੰਘ ਨੇ ਹਾਦਸਾਗ੍ਰਸ਼ਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਮਿ੍ਰਤਕਾ ਕਮਲਜੀਤ ਕੌਰ ਦੇ ਪੁੱਤਰ ਹਰਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਬੱਸ ਚਾਲਕ ਸ਼ਿਵਰਾਜ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।