ਪੰਜਾਬੀਆਂ ਲਈ ਨਵੀਂ ਪਿਰਤ ,ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ  ਨੇ ਆਪਣੇ  ਵਿਆਹ ‘ਤੇ ਸਿਰਫ 320 ਰੁਪਏ ਕੀਤਾ  ਖਰਚਾ

0
215

ਰਾਏਕੋਟ,  (ਗੁਰਭਿੰਦਰ ਗੁਰੀ)

ਪਿੰਡ ਕੁਰੜ ਦੇ ਜੰਮਪਲ਼ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਅਤੇ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਵਾਸੀ ਕੋਟਲਾ (ਮੋਗਾ) ਨੇ ਇੱਕ-ਦੂਜੇ ਨੂੰ ਆਪਣਾ ਹਮਸਫਰ ਚੁਣਦਿਆਂ ਆਪਣੇ ਵਿਆਹ ‘ਤੇ ਸਿਰਫ ਸਵਾ ਤਿੰਨ ਸੌ ਰੁਪਏ ਖਰਚ ਕੇ ਇਕ ਨਵੀਂ ਪਿਰਤ ਪਾਈ ਹੈ। ਇਸ ਵਿਆਹ ‘ਚ ਪਾਰਟੀ ਦੇ ਕੁਝ ਹੋਰ ਲੀਡਰ ਮਹਿਮਾਨ ਵਜੋਂ ਸ਼ਰੀਕ ਹੋਏ ਤੇ ਦੋਵਾਂ ਨੇ ਲੱਡੂਆਂ ਤੇ ਦੋ ਹਾਰ ਖਰੀਦਣ ‘ਤੇ ਸਿਰਫ 320 ਰੁਪਏ ਹੀ ਖ਼ਰਚ ਕੀਤੇ।

ਰਣਬੀਰ ਸਿੰਘ ਰੰਧਾਵਾ ਅੱਜ ਕੱਲ੍ਹ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਦਾ ਵਾਸੀ ਹੈ, ਜੋ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਰਾਜਨੀਤੀ ਵਿਗਿਆਨ ਦੀ ਐਮ.ਏ. ਕਰ ਰਿਹਾ ਹੈ। ਉੱਧਰ ਹਰਦੀਪ ਕੌਰ ਡਬਲ ਐਮਏ ਹੈ ਤੇ ਤੀਜੀ ਮਾਸਟਰ ਡਿਗਰੀ ਦੀ ਤਿਆਰੀ ਕਰ ਰਹੀ ਹੈ। ਉਸ ਦੇ ਮਨ ‘ਤੇ ਗਦਰੀ ਬਾਬਿਆਂ ਦੇ ਸੰਘਰਸ਼ ਨੇ ਡੂੰਘਾ ਪ੍ਰਭਾਵ ਪਾਇਆ, ਸ਼ਾਇਦ ਇਸੇ ਲਈ ਉਹ ਕੈਨੇਡਾ ਵਿੱਚ ਸੈੱਟ ਪੂਰੇ ਪਰਿਵਾਰ ਕੋਲ ਨਾ ਵੱਸਣਾ ਚੁਣ ਕੇ ਇੱਥੇ ਹੀ ਆਪਣੀ ਜ਼ਿੰਦਗੀ ਗੁਲਜ਼ਾਰ ਕਰਨ ਵਿੱਚ ਰੁੱਝ ਗਈ। ਦੋਵੇਂ ਵਿਦਿਆਰਥੀ ਵਜੋਂ ਸਰਗਰਮ ਹੋਏ ਤੇ ਜਥੇਬੰਦੀ ਦੀਆਂ ਸਿਖਰਲੀਆਂ ਥਾਵਾਂ ‘ਤੇ ਪਹੁੰਚੇ।

ਰਣਬੀਰ ਨੇ ਦੱਸਿਆ ਕਿ ਉਹ ਯੂਨੀਅਨ ਲਈ ਇਕੱਠੇ ਕੰਮ ਕਰਦੇ ਸਨ, ਪਰ ਵਿਆਹ ਬਾਰੇ ਕਦੇ ਨਹੀਂ ਸੀ ਸੋਚਿਆ। ਪਾਰਟੀ ਦੇ ਹੋਰਨਾਂ ਸਾਥੀਆਂ ਨੇ ਸਾਲ ਕੁ ਪਹਿਲਾਂ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਤੇ ਫਿਰ ਵਿਚਾਰਾਂ ਦਾ ਮੇਲ ਇਕੱਠਿਆਂ ਜ਼ਿੰਦਗੀ ਮਾਣਨ ਦਾ ਸਬੱਬ ਬਣ ਗਿਆ। ਰਣਬੀਰ ਨੇ ਦੱਸਿਆ ਕਿ ਦੋਵਾਂ ਨੇ ਕੋਰੋਨਾ ਸੰਕਟ ਕਰਕੇ ਨਹੀਂ ਬਲਕਿ ਆਪਣੀ ਮਰਜ਼ੀ ਨਾਲ ਸਾਦਾ ਵਿਆਹ ਕੀਤਾ ਹੈ।

ਇਨ੍ਹਾਂ ਦੋਵੇਂ ਵਿਦਿਆਰਥੀ ਆਗੂਆਂ ਨੇ ਹੋਰਨਾਂ ਲਈ ਮਿਸਾਲ ਬਣਦਿਆਂ ਕਿਸੇ ਵਾਧੂ ਖਰਚੇ ਤੋਂ ਬਗ਼ੈਰ ਤੇ ਕਿਸੇ ਸਮਾਜਕ, ਧਾਰਮਿਕ ਤੇ ਕਾਨੂੰਨੀ ਰਸਮ ਨਿਭਾਉਣ ਤੋਂ ਬਿਨਾਂ ਹੀ ਵਿਆਹ ਕਰ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ।

ਦਰਅਸਲ ਸਮਾਜ ਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਬਣਿਆ ਇਹ ਜੋੜਾ ਦੇਸ਼ ਭਗਤਾਂ, ਗ਼ਦਰੀ ਬਾਬਿਆਂ ਦੇ ਜੀਵਨ ਤੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ, ਨੌਜਵਾਨਾਂ ਦੇ ਘੋਲਾਂ ਵਿਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ ।