ਨੌਜਵਾਨ ਦਾ ਕਤਲ ਕਰ ਕੇ ਲਾਸ਼ ਨੂੰ ਬੰਦ ਪਏ ਸੀਵਰੇਜ ਦੇ ਗਟਰ ‘ਚ ਸੁੱਟਿਆ

0
100

ਬਰਨਾਲਾ, 10 ਦਸੰਬਰ (ਤਰਸੇਮ ਗੋਇਲ)- ਭੇਤਭਰੇ ਹਾਲਾਤ ‘ਚ ਲਾਪਤਾ ਹੋਏ ਸਥਾਨਕ ਸੇਖਾ ਰੋਡ ਗਲੀ ਨੰਬਰ 4, ਫ਼ੌਜੀ ਬਸਤੀ ਦੇ ਵਸਨੀਕ ਨੌਜਵਾਨ ਸਨੀ ਉਰਫ਼ ਗੋਰਾ ਦੀ ਵੱਢੀ-ਟੁੱਕੀ ਲਾਸ਼ ਪੁਲਿਸ ਨੇ ਅੱਜ ਬੇਅਬਾਦ ਸਿਗਮਾ ਕਾਲੋਨੀ ਦੇ ਬੰਦ ਪਏ ਸੀਵਰੇਜ ਦੇ ਗਟਰ ‘ਚੋਂ ਬਰਾਮਦ ਹੋਈ ਹੈ। ਇਸ ਸਬੰਧੀ ਆਦੇਸ਼ ਕੁਮਾਰ ਪੁੱਤਰ ਅਨਿਲ ਕੁਮਾਰ ਨੇ ਥਾਣਾ ਸਿਟੀ 2 ‘ਚ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਮਾਮਲੇ ‘ਚ ਪੁਲਿਸ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਨਿਰਦੇਸ਼ਾਂ ਹੇਠ ਬਣਾਈ ਗਈ ਟੀਮ ਦੇ ਮੈਂਬਰ ਡੀਐੱਸਪੀ ਲਖਵੀਰ ਸਿੰਘ ਟਿਵਾਣਾ ਤੇ ਥਾਣਾ ਸਿਟੀ 2 ਦੇ ਮੁਖੀ ਗੁਰਮੇਲ ਸਿੰਘ ਨੇ ਖ਼ੁਲਾਸਾ ਕੀਤਾ ਕਿ 5 ਨੌਜਵਾਨਾਂ ਵੱਲੋਂ ਇਸ ਨੌਜਵਾਨ ਦਾ 4 ਤੇ 5 ਦਸੰਬਰ ਦੀ ਦਰਮਿਆਨੀ ਰਾਤ ਨੂੰ ਕਤਲ ਕਰ ਕੇ ਉਸ ਦੀ ਲਾਸ਼ ਉਕਤ ਬੰਦ ਪਏ ਸੀਵਰੇਜ ਦੇ ਗਟਰ ‘ਚ ਸੁੱਟ ਦਿੱਤੀ। ਅੱਜ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਡਿਊਟੀ ਮੈਜਿਸਟਰੇਟ ਰਮਨਿੰਦਰਪਾਲ ਸਿੰਘ ਦੀ ਹਾਜ਼ਰੀ ‘ਚ ਡੀਐੱਸਪੀ ਲਖਵੀਰ ਸਿੰਘ ਟਿਵਾਣਾ, ਥਾਣਾ ਸਦਰ ਮੁਖੀ ਬਲਜੀਤ ਸਿੰਘ ਦੀ ਅਗਵਾਈ ‘ਚ ਲਾਸ਼ ਬਰਾਮਦ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਦੇਹ ਸੰਭਾਲ ਘਰ ‘ਚ ਰੱਖਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਨਾਜਮਦ ਅਰੋਪੀਆਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ‘ਚ ਲੈ ਕੇ ਲਾਸ਼ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਲੰਘੀਂ 4 ਦਸੰਬਰ ਨੂੰ ਸਨੀ ਉਰਫ਼ ਗੋਰਾ ਪੁੱਤਰ ਅਨਿਲ ਕੁਮਾਰ ਵਾਸੀ ਫੌਜੀ ਬਸਤੀ ਨੇੜੇ ਭੀਮੇ ਦੀ ਚੱਕੀ ਸੇਖਾ ਰੋਡ ਬਰਨਾਲਾ ਦਾ ਰਾਮ ਪ੍ਰਤਾਪ, ਰਵੀ ਪਾਂਡੇ, ਰਜਨੀਸ ਮੱਖਣ, ਕੁਦਨ ਪ੍ਰਸ਼ਾਦ ਤੇ ਭੀਮਾ ਵਾਸੀਆਨ ਪ੍ਰੇਮ ਨਗਰ ਬਰਨਾਲਾ ਦੇ ਨਾਲ ਕ੍ਰਿਕੇਟ ਖੇਡਦੇ ਸਮੇਂ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਰਾਤ ਸਮੇਂ ਸਨੀ ਉਰਫ਼ ਗੋਰਾ, ਰਜਨੀਸ ਕੁਮਾਰ ਮੱਖਣ ਦੀ ਚਿਕਨ ਵਾਲੀ ਰੇਹੜੀ ‘ਤੇ ਜਾ ਕੇ ਸ਼ਰਾਬ ਪੀਣ ਲਈ ਗਿਲਾਸ ਦੇਣ ਦੀ ਜਿੱਦ ਕਰਨ ਲੱਗਿਆ। ਪਰ ਮੱਖਣ ਵਲੋਂ ਉਸ ਨੂੰ ਰੇਹੜੀ ‘ਤੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਗੋਰਾ, ਰਾਮ ਪ੍ਰਤਾਪ ਨੂੰ ਨਾਲ ਲੈ ਕੇ ਰੇਹੜੀ ਦੇ ਪਿਛਲੇ ਪਾਸੇ ਹਨ੍ਹੇਰੇ ਵੱਲ ਚਲਾ ਗਿਆ। ਦਿਨ ਦੀ ਲੜਾਈ ਦੀ ਰੰਜਿਸ ਕਰਕੇ ਹੀ ਰਾਮ ਪ੍ਰਤਾਪ ਨੇ ਸਨੀ ਉਰਫ਼ ਗੋਰੇ ਦੇ ਸਿਰ ‘ਤੇ ਇੱਟ ਨਾਲ ਵਾਰ ਕਰ ਦਿੱਤਾ। ਜਦੋਂ ਉਹ ਡਿੱਗ ਗਿਆ ਤਾਂ ਉਹ ਬਾਕੀ ਅਪੋਰੀਆ ਨੇ ਉਸ ‘ਤੇ ਕਿਰਪਾਨਾ ਨਾਲ ਵਾਰ ਕਰਦਿਆਂ ਉਸ ਦਾ ਕਤਲ ਕਰ ਦਿੱਤਾ। ਇਕ ਵਾਰ ਤਾਂ ਅਰੋਪੀ ਲਾਸ਼ ਲੁਕੋ ਕੇ ਚਲੇ ਗਏ। 5 ਦਸੰਬਰ ਨੂੰ ਉਕਤਾਨ ਵਿਅਕਤੀ ਨੇ ਮਿਲ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅੱਤ ਨਾਲ ਲਾਸ਼ ਆਸਥਾ ਕਲੋਨੀ ਦੀ ਪਿਛਲੀ ਸਾਇਡ ਇਕ ਬੇਅਬਾਦ ਕਲੋਨੀ ‘ਚ ਬੰਦ ਪਏ ਸੀਵਰੇਜ ਦੇ ਗਟਰ ‘ਚ ਸੁੱਟ ਦਿੱਤੀ ਅਤੇ ਲਾਸ਼ ਨੂੰ ਪੂਰੀ ਤਰ੍ਹਾਂ ਦੇ ਨਾਲ ਵੱਢਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਨੀ ਉਰਫ਼ ਗੋਰਾ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਭਰਾ ਆਦੇਸ ਕੁਮਾਰ ਨੇ ਆਪਣੇ ਭਰਾ ਦੇ ਲਾਪਤਾ ਹੋਣ ਦੀ ਸੂਚਨਾ ਥਾਣਾ ਸਿਟੀ 2 ਬਰਨਾਲਾ ਵਿਖੇ ਦਿੱਤੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਐਚਓ ਗੁਰਮੇਲ ਸਿੰਘ ਨੇ ਮਾਮਲੇ ਦੀ ਤਫ਼ਤੀਸ ਸ਼ੁਰੂ ਕਰ ਦਿੱਤੀ ਤੇ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਮ੍ਰਿਤਕ ਦਾ ਅਰੋਪੀਆ ਨਾਲ 4 ਦਸੰਬਰ ਨੂੰ ਹੀ ਝਗੜਾ ਹੋਇਆ ਸੀ, ਤਾਂ ਉਨ੍ਹਾਂ ਆਲ੍ਹਾ ਅਧਿਕਾਰੀਆਂ ਦੇ ਧਿਆਨ ‘ਚ ਲਿਆ ਕੇ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ 302, 201, 506, 34 ਆਈਪੀਸੀ ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਿਊਟੀ ਮੈਜਿਸਟ੍ਰੇਟ ਤਹਿਸ਼ੀਲਦਾਰ ਦੀ ਨਿਗਰਾਨੀ ‘ਚ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਲਾਸ਼ ਨੂੰ ਬਰਾਮਦ ਕਰਦਿਆਂ ਸਿਵਲ ਹਸਪਤਾਲ ਦੇ ਦੇਹ ਸੰਭਾਲ ਹਸਪਤਾਲ ‘ਚ ਅਗਲੇਰੀ ਕਾਰਵਾਈ ਲਈ ਰੱਖ ਦਿੱਤਾ ਹੈ। ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੰਜਾਂ ਜਣਿਆਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਹੁਣ ਤੱਕ ਦੀ ਜਾਂਚ ਤੱਕ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਭਾਵੇਂ ਸਨੀ ਦਾ ਕਤਲ ਪੰਜਾਂ ਜਣਿਆਂ ਨੇ ਮੰਨਿਆਂ ਹੈ ਪਰ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਰਾਮ ਪ੍ਰਤਾਪ, ਰਜਨੀਸ ਮੱਖਣ ਤੇ ਰਵੀ ਪਾਂਡੇ ਨੇ ਇਸ ਲਾਸ਼ ਨੂੰ ਬੇਅਬਾਦ ਕਲੋਨੀ ਸਿਗਮਾ ਦੇ ਬੰਦ ਸੀਵਰੇਜ ਦੇ ਗਟਰ ‘ਚ ਟੋਟੇ ਟੋਟੇ ਕਰਕੇ ਬੋਰੇ ‘ਚ ਪਾ ਕੇ ਸੁੱਟ ਦਿੱਤਾ ਸੀ। ਜਿਸ ਨੂੰ ਵੀਰਵਾਰ 10 ਦਸੰਬਰ ਦੀ ਦੇਰ ਰਾਤ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ।