ਨਗਰ ਕੌਂਸਲ ਟੀਮ ਨੇ ਨਾਜਾਇਜ਼ ਤੌਰ ’ਤੇ ਲੱਗੇ ਇਸ਼ਤਿਹਾਰੀ ਬੋਰਡ ਉਤਾਰੇ

0
9

ਨਗਰ ਕੌਂਸਲ ਟੀਮ ਨੇ ਨਾਜਾਇਜ਼ ਤੌਰ ’ਤੇ ਲੱਗੇ ਇਸ਼ਤਿਹਾਰੀ ਬੋਰਡ ਉਤਾਰੇ
ਬਰਨਾਲਾ, 3 ਦਸੰਬਰ (ਟਿੰਕਾ)-ਨਗਰ ਕੌਂਸਲ ਬਰਨਾਲਾ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਕਮ ਪ੍ਰਸ਼ਾਸਕ ਨਗਰ ਕੌਂਸਲ ਬਰਨਾਲਾ ਸ੍ਰੀ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਚਿਹਰੀ ਚੌਕ ਤੋਂ ਲੈ ਕੇ ਆਈਟੀਆਈ ਚੌਕ ਅਤੇ ਸੰਗਰੂਰ ਰੋਡ ਟੀ-ਪੁਆਇੰਟ ਤੱਕ ਨਾਜਾਇਜ਼ ਤੌਰ ’ਤੇ ਲੱਗੇ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਿਆ ਗਿਆ। ਇਸ ਮੁਹਿੰਮ ਦੌਰਾਨ ਕੌਂਸਲ ਦੀ ਐਵਰਟਾਈਜ਼ਮੈਂਟ ਸ਼ਾਖ਼ਾ ਵੱਲੋਂ ਕਰੀਬ 50 ਛੋਟੇ-ਵੱਡੇ ਇਸ਼ਤਿਹਾਰਾਂ ਦੇ ਨਾਜਾਇਜ਼ ਬੋਰਡ ਉਤਾਰੇ ਗਏ।
ਨਗਰ ਕੌੌਂਸਲ ਦੇ ਕਾਰਜਸਾਧਕ ਅਫਸਰ ਸ੍ਰੀ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੌਂਸਲ ਵੱਲੋਂ ਸ਼ਹਿਰ ਅੰਦਰ ਨਾਜਾਇਜ਼ ਤੌਰ ’ਤੇ ਲੱਗੇ ਹੋਏ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਨ ਲਈ ਕੁਝ ਦਿਨ ਪਹਿਲਾਂ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਿਨ੍ਹਾਂ ਵਿਅਕਤੀਆਂ ਵੱਲੋਂ ਨਾਜਾਇਜ਼ ਤੌਰ ’ਤੇ ਲਾਏ ਗਏ ਬੋਰਡ ਨਹੀਂ ਉਤਾਰੇ ਗਏ, ਉਨ੍ਹਾਂ ਬੋਰਡਾਂ ਨੂੰ ਨਗਰ ਕੌਂਸਲ ਦੀ ਟੀਮ ਵੱਲੋਂ ਉਤਾਰ ਦਿੱਤਾ ਗਿਆ।
ਕਾਰਜਸਾਧਕ ਅਫਸਰ ਨੇ ਆਖਿਆ ਕਿ ਸ਼ਹਿਰ ਅੰਦਰ ਜਿਨ੍ਹਾਂ ਵਿਅਕਤੀਆਂ ਵੱਲੋਂ ਆਪਣੀਆਂ ਦੁਕਾਨਾਂ/ਮਕਾਨਾਂ ਜਾਂ ਸਰਕਾਰੀ ਜਗ੍ਹਾ ਉੱਪਰ ਨਾਜਾਇਜ਼ ਤੌਰ ’ਤੇ ਬੋਰਡ ਲਗਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਉਤਾਰ ਲਿਆ ਜਾਵੇ। ਉਨ੍ਹਾਂ ਨੇ ਸ਼ਹਿਰ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਅੰਦਰ ਮਕਾਨਾਂ ਦੀਆਂ ਕੰਧਾਂ, ਖੰਬਿਆਂ ਤੇ ਹੋਰ ਜਨਤਕ ਥਾਵਾਂ ਉੱਪਰ ਛੋਟੀਆਂ ਫਲੈਕਸਾਂ, ਬੈਨਰ, ਪੈਂਫਲੇਟ ਆਦਿ ਨਾ ਲਗਾਏ ਜਾਣ, ਕਿਉਂਕਿ ਅਜਿਹਾ ਕਰਨ ਨਾਲ ਸਰਕਾਰੀ ਨਿਯਮਾਂ ਦੀ ਉਲੰਘਣਾ ਵੀ ਹੁੰਦੀ ਹੈ ਅਤੇ ਸ਼ਹਿਰ ਦੀ ਸੁੰਦਰਤਾ ਵੀ ਖਰਾਬ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਆਉਂਦੇ ਦਿਨੀਂ ਵੀ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ।