ਦਸਵੀਂ ਅਤੇ ਬਾਰਵੀਂ ਜਮਾਤਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਸੂਲੀਆਂ ਜਾ ਰਹੀਆਂ ਫੀਸਾਂ ਕਰੋਨਾ ਸੰਕਟ ਦੇ ਮੱਦੇਨਜ਼ਰ ਮੁਆਫ਼ ਕੀਤੀਆਂ ਜਾਣ : ਡੀ.ਟੀ.ਐਫ

0
74

ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਮੰਗ ਪੱਤਰ

ਬਰਨਾਲਾ( 2ਦਸੰਬਰ):ਸਿੱਖਿਆ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਜੁੜੇ ਮਸਲੇ ਚੁੱਕਣ ਵਾਲੀ ਅਧਿਆਪਕ ਜੱਥੇਬੰਦੀ, ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਕੀਤੇ ਫੈਸਲੇ ਅਨੁਸਾਰ ਜਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਤੇ ਜਿਲ੍ਹਾ ਜਨਰਲ ਸਕੱਤਰ ਰਾਜੀਵ ਬਰਨਾਲਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰ:ਤੇਜ ਪ੍ਰਤਾਪ ਸਿੰਘ ਫੂਲਕਾ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਵੀੰ ਅਤੇ ਬਾਰਵੀਂ ਜਮਾਤਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਸੂਲੀਆਂ ਜਾ ਰਹੀਆਂ ਫੀਸਾਂ ਕਰੋਨਾ ਸੰਕਟ ਦੇ ਮੱਦੇਨਜ਼ਰ ਮੁਆਫ਼ ਕਰਨ ਸੰਬੰਧੀ ਮੰਗ ਪੱਤਰ ਭੇਜਿਆ ਗਿਆ।

ਜਥੇਬੰਦੀ ਦੇ ਆਗੂਆਂ ਗੁਰਮੀਤ ਸੁਖਪੁਰ ਤੇ ਰਾਜੀਵ ਬਰਨਾਲਾ ਨੇ ਡੀ.ਸੀ. ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਦੱਸਿਆ ਕਿ ਕੋਵਿਡ -19 ਦੌਰਾਨ ਲੰਬੇ ਸਮੇਂ ਲਈ ਲਗਾਏ ਲਾਕਡਾਊਨ ਕਾਰਨ ਪੰਜਾਬ ਦੇ ਲੋਕਾਂ ਦਾ ਵੱਡੇ ਪੱਧਰ ‘ਤੇ ਆਰਥਿਕ ਨੁਕਸਾਨ ਹੋਇਆ ਹੈ ਇਸ ਨੂੰ ਦੇਖਦੇ ਹੋਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ,ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2020-21 ਲਈ ਲਾਗੂ ਕੀਤੀਆਂ ਭਾਰੀ ਫੀਸਾਂ ਨੂੰ ਪੂਰੀ ਤਰ੍ਹਾਂ ਮੁਆਫ਼ ਕੀਤਾ ਜਾਵੇ ਅਤੇ ਲਈਆਂ ਫੀਸਾਂ ਰਿਫੰਡ ਕੀਤੀਆਂ ਜਾਣ। ਵਿੱਦਿਅਕ ਸੈਸ਼ਨ ਦੌਰਾਨ ਕੋਵਿਡ -19 ਲਾਗ ਦੇ ਹਵਾਲੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜ਼ਿਆਦਾਤਰ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆਵਾਂ ਰੱਦ ਹੋ ਗਈਆਂ ਸਨ ਅਤੇ ਪੇਪਰ ਚੈਕਿੰਗ ਵੀ ਨਹੀਂ ਹੋਈ, ਜਿਸ ਕਾਰਨ ਬੋਰਡ ਨੂੰ ਵੱਡੀ ਮਾਤਰਾ ਵਿਚ ਉੱਤਰ ਪੱਤਰੀਆਂ ਤੇ ਟਰਾਂਸਪੋਰਟ ਦੇ ਖ਼ਰਚੇ ਸਮੇਤ ਹੋਰ ਸਮੱਗਰੀ ਦੀ ਬੱਚਤ ਹੋਈ ਹੈ। ਇਸ ਤੋਂ ਇਲਾਵਾ ਪੇਪਰ ਚੈਕਿੰਗ ਅਤੇ ਪੇਪਰ ਡਿਊਟੀ ਦੀ ਅਦਾਇਗੀ ਅਤੇ ਸਰਟੀਫਿਕੇਟਾਂ ਦੀ ਛਪਾਈ ਵੀ ਨਹੀਂ ਹੋਈ।

ਇਸ ਦੇ ਨਾਲ ਹੀ ਆਗੂਆਂ ਨਿਰਮਲ ਚੁਹਾਣਕੇ ਤੇ ਜਸਵੀਰ ਭੰਮਾ ਨੇ ਕਿਹਾ ਕਿ ਬੋਰਡ ਦਫਤਰ ਦੀਆਂ ਵੱਡੀ ਗਿਣਤੀ ਵਿੱਚ ਅਸਾਮੀਆਂ ਖ਼ਤਮ ਕਰਕੇ ਪਿਛਲੇ ਕਈ ਸਾਲਾਂ ਤੋਂ ਜ਼ਿਆਦਾਤਰ ਕੰਮ ਦਾ ਭਾਰ ਸਕੂਲੀ ਅਧਿਆਪਕਾਂ ‘ਤੇ ਸੁੱਟਣ ਅਤੇ ਪ੍ਰੀਖਿਆ ਨਿਗਰਾਨ ਆਦਿ ਦੀ ਡਿਊਟੀ ਬਦਲੇ ਕੋਈ ਅਦਾਇਗੀ ਅਦਾਇਗੀ ਨਾ ਹੋਣ ਕਰਕੇ ਖ਼ਰਚਾ ਸੀਮਤ ਕਰ ਦਿੱਤਾ ਗਿਆ ਹੈ ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਹੋਈ ਆਮਦਨ, ਖਰਚੇ ਅਤੇ ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਤ ਗ੍ਰਾਂਟਾਂ ਦਾ ਹਿਸਾਬ ਵ੍ਹਾਈਟ ਪੇਪਰ ਦੇ ਰੂਪ ਵਿੱਚ ਜਨਤਕ ਕੀਤਾ ਜਾਵੇ ਅਤੇ ਬਕਾਇਆ ਗਰਾਂਟਾਂ ਤੁਰੰਤ ਜਾਰੀ ਕੀਤੀਆਂ ਜਾਣ ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾਲਵਿੰਦਰ ਬਰਨਾਲਾ, ਰਾਜਿੰਦਰ ਕੁਮਾਰ, ਵਰਿੰਦਰ ਕੁਮਾਰ, ਬਲਜਿੰਦਰ ਪ੍ਰਭੂ,ਸੁਖਦੀਪ ਤਪਾ,ਦਰਸ਼ਨ ਬਦਰਾ, ਰਾਜਿੰਦਰ ਮੂਲੋਵਾਲ,ਸਤਪਾਲ ਤਪਾ,ਅੰਮ੍ਰਿਤਪਾਲ ਕੋਟਦੁੱਨਾ, ਚੰਨਣ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ, ਗੁਰਦੇਵ ਸਿੰਘ,ਕਰਮਜੀਤ ਸਿੰਘ ਤੇ ਪਲਵਿੰਦਰ ਠੀਕਰੀਵਾਲਾ ਆਦਿ ਅਧਿਆਪਕ ਆਗੂ ਹਾਜਰ ਸਨ।
ਜਾਰੀ ਕਰਤਾ ਪਲਵਿੰਦਰ ਠੀਕਰੀਵਾਲਾ
ਡੀ.ਟੀ.ਐੱਫ.ਬਰਨਾਲਾ
8360355458