“ਜ਼ਿਲਾ ਬਰਨਾਲਾ ‘ਚ ਹੁਣ ਤੱਕ 126 ਲੋਕਾਂ ਨੂੰ ਡੰਗਿਆ ਡੇਂਗੂ ਮੱਛਰ ਦੇ ਡੰਗ ਨੇ

0
46

“ਜ਼ਿਲਾ ਬਰਨਾਲਾ ‘ਚ ਹੁਣ ਤੱਕ 126 ਲੋਕਾਂ ਨੂੰ ਡੰਗਿਆ ਡੇਂਗੂ ਮੱਛਰ ਦੇ ਡੰਗ ਨੇ

-ਜ਼ਿਲ੍ਹਾ ਬਰਨਾਲਾ ‘ਚ 2019 ‘ਚ ਆਏ ਸਨ ਸਭ ਤੋਂ ਜ਼ਿਆਦਾ 319 ਕੇਸ ਸਾਹਮਣੇ

ਬਰਨਾਲਾ, 30 ਨਵੰਬਰ (ਅਮਨਦੀਪ ਰਠੌੜ)-ਤੰਦਰੁਸਤ ਇੰਨਸਾਨ ਨੂੰ ਜਦੋਂ ਤੇਜ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਆਦਿ ਲੱਛਣ ਹੁੰਦੇ ਦਿਖਾਈ ਦਿੰਦੇ ਹਨ ਤਾਂ ਉਸਨੂੰ ਇੰਨ੍ਹਾਂ ਲੱਛਣਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਬਲਕਿ ਇਸਦਾ ਨਜ਼ਦੀਕੀ ਸਿਹਤ ਕੇਂਦਰ ਵਿੱਚ ਆਪਣਾ ਇਲਾਜ਼ ਕਰਵਾਉਣਾ ਚਾਹੀਦਾ ਹੈ, ਕਿਉਂਕਿ ਇਹ ਲੱਛਣ ਕੋਈ ਆਮ ਲੱਛਣ ਨਹੀਂ ਹਨ, ਬਲਕਿ ਡੇਂਗੂ ਬੁਖਾਰ ਦੇ ਲੱਛਣ ਹਨ | ਜਿਸਦਾ ਜੇਕਰ ਸਮੇਂ ਸਿਰ ਇਲਾਜ਼ ਕਰਵਾਇਆ ਜਾਵੇ ਤਾਂ ਇੰਨਸਾਨ ਪੂਰੀ ਤਰ੍ਹਾਂ ਨਾਲ ਕੁਝ ਦਿਨਾਂ ਵਿੱਚ ਹੀ ਤੰਦਰੁਸਤ ਹੋ ਜਾਂਦਾ ਹੈ | ਜਦੋਂਕਿ ਇਸ ਵਿੱਚ ਅਣਗਹਿਲੀ ਵਰਤਣ ‘ਤੇ ਇੰਨਸਾਨ ਦੀ ਮੌਤ ਤੱਕ ਵੀ ਹੋ ਜਾਂਦੀ ਹੈ | ਤੁਹਾਨੂੰ ਦੱਸ ਦਈਏ ਕਿ ਇਸ ਸਭ ਦੇ ਵਿੱਚ ਚਿਕਨਗੁਨੀਆਂ ਦੇ ਲੱਛਣ ਵੀ ਕੁਝ ਇਸ ਪ੍ਰਕਾਰ ਹਨ ਜੋ ਚਲਦੇ ਫ਼ਿਰਦੇ ਇੰਨਸਾਨ ਨੂੰ ਮੰਜੇ ‘ਤੇ ਪੈਣ ਲਈ ਮਜ਼ਬੂਰ ਕਰ ਦਿੰਦੇ ਹਨ | ਜੇਕਰ ਇੰਨਸਾਨ ਨੂੰ ਤੇਜ ਬੁਖਾਰ, ਸਿਰ ਦਰਦ, ਜੋੜਾਂ ਵਿੱਚ ਦਰਦ ਅਤੇ ਸੋਜ, ਚਮੜੀ ਤੇ ਦਾਣੇ ਤੇ ਖਾਰਿਸ਼ ਆਦਿ ਹੁੰਦੇ ਦਿਖਾਈ ਦਿੰਦੇ ਹਨ ਤਾਂ ਇਹ ਸਮਝ ਲਵੋ ਕਿ ਇਹ ਲੱਛਣ ਚਿਕਨਗੁਣੀਆਂ ਦੇ ਲੱਛਣ ਹਨ | ਜੇਕਰ ਇੰਨਸਾਨ ਨੂੰ ਡੇਂਗੂ ਬੁਖਾਰ ਅਤੇ ਚਿਕਨਗੁਣੀਆਂ ਦੇ ਕੁਝ ਇਸ ਪ੍ਰਕਾਰ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸਨੂੰ ਡਾਕਟਰੀ ਸਹਾਇਤਾ ਲੈਣ ਤੋਂ ਪੈਰ ਪਿੱਛੇ ਨਹੀਂ ਹਟਾਉਣੇ ਚਾਹੀਦੀ , ਬਲਕਿ ਇਸਦਾ ਗਹਿਨਤਾ ਨਾਲ ਇਲਾਜ਼ ਕਰਵਾਉਣਾ ਚਾਹੀਦਾ ਹੈ |
-2017 ਤੋਂ ਲੈ ਕੇ 2021 ਤੱਕ ਡੇਂਗੂ ਦੇ ਆਏ ਇੰਨ੍ਹੇ ਕੇਸ ਸਾਹਮਣੇ-
ਦੱਸ ਦਈਏ ਕਿ 2017 ਵਿੱਚ ਜ਼ਿਲ੍ਹਾ ਬਰਨਾਲਾ ‘ਚ 231 ਕੇਸ ਸਾਹਮਣੇ ਆਏ ਸਨ, ਜਦੋਂਕਿ 1 ਮੌਤ ਹੋ ਗਈ ਸੀ | 2018 ਵਿੱਚ 242 ਕੇਸ ਡੇਂਗੂ ਦੇ ਸਾਹਮਣੇ ਆਏ ਸਨ, ਜਦੋਂਕਿ ਇਸ ਦੌਰਾਨ ਡੇਂਗੂ ਨਾਲ ਮੌਤ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ | 2019 ਵਿੱਚ 319 ਕੇਸ ਡੇਂਗੂ ਦੇ ਸਾਹਮਣੇ ਆਏ ਸਨ, ਜਦੋਂਕਿ ਮੌਤ ਕੋਈ ਵੀ ਨਹੀਂ ਹੋਈ | 2020 ਵਿੱਚ 19 ਕੇਸ ਡੇਂਗੂ ਦੇ ਸਾਹਮਣੇ ਆਏ, ਜਦੋਂਕਿ 1 ਮੌਤ ਹੋ ਜਾਣ ਦਾ ਕੇਸ ਸਾਹਮਣੇ ਆਇਆ ਸੀ | 2021 ‘ਚ 126 ਕੇਸ ਸਾਹਮਣੇ ਆਏ | ਜਦੋਂਕਿ ਮੌਤ ਹੋ ਜਾਣ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ | ਦੱਸ ਦਈਏ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਡੇਂਗੂ ਅਤੇ ਚਿਕਨਗੁਣੀਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਸਾਰਥਿਕ ਉਪਰਾਲੇ ਕੀਤੇ ਹੋਏ ਹਨ | ਜਿਸਦੇ ਚਲਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਡੋਰ-ਟੂ-ਡੋਰ ਜਾਕੇ ਜਿੱਥੇ ਜਮ੍ਹਾਂ ਪਾਣੀ ਵਿੱਚੋਂ ਲਾਰਵਾ ਪਕੜ੍ਹਕੇ ਉਨ੍ਹਾਂ ਨੂੰ ਬੋਤਲਾਂ ਵਿੱਚ ਬੰਦ ਕਰ ਰਹੀਆਂ ਹਨ, ਉਥੇ ਹੀ ਲੋਕਾਂ ਨੂੰ ਪੰਫ਼ਲੇਟ ਵੰਡਕੇ ਸਾਫ਼ ਸਫ਼ਾਈ ਰੱਖਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ |
-ਇੰਨ੍ਹਾਂ ਚੀਜ਼ਾਂ ਰਾਹੀਂ ਕਰੋ ਡੇਂਗੂ ਤੋਂ ਬਚਾਅ-
ਸਿਹਤ ਵਿਭਾਗ ਮੁਤਾਬਿਕ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰੋ, ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢਕਿਆ ਰਹੇ ਤਾਂਕਿ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ, ਬੁਖਾਰ ਹੋਣ ‘ਤੇ ਐਸਪਰੀਨ ਅਤੇ ਬਰੂਫ਼ਿਨ ਨਾ ਲਵੋ, ਬੁਖਾਰ ਹੋਣ ‘ਤੇ ਸਿਰਫ਼ ਪੈਰਾਸੀਟਾਮੋਲ ਡਾਕਟਰ ਦੀ ਸਲਾਹ ਉਰਪੰਤ ਲਵੋ, ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ, ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ ਅਤੇ ਤਰਲ ਚੀਜ਼ਾਂ ਜ਼ਿਆਦਾ ਪੀਓ ਅਤੇ ਅਰਾਮ ਕਰੋ | ਸਿਹਤ ਵਿਭਾਗ ਮੁਤਾਬਿਕ ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ | ਇਸ ਲਈ ਕੂਲਰਾਂ, ਗਮਲਿਆਂ, ਫ਼ਰਿੱਜਾਂ ਦੀਆਂ ਟ੍ਰੇਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਨੂੰ ਸਾਫ਼ ਕਰਕੇ ਸੁੱਕਾ ਰੱਖਿਆ ਜਾਵੇ |