“ਕਿਲ੍ਹਾ ਮੁਹੱਲਾ ਬਰਨਾਲਾ ‘ਚ ਹਵਾਈ ਫ਼ਾਇਰ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਤਿੰਨ ਨਾਮਜ਼ਦ ਵਿਅਕਤੀਆਂ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਹੋਇਆ ਕੇਸ ਦਰਜ

0
1318

“ਕਿਲ੍ਹਾ ਮੁਹੱਲਾ ਬਰਨਾਲਾ ‘ਚ ਹਵਾਈ ਫ਼ਾਇਰ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਤਿੰਨ ਨਾਮਜ਼ਦ ਵਿਅਕਤੀਆਂ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਹੋਇਆ ਕੇਸ ਦਰਜ

-ਸੀਸੀਟੀਵੀ ਕੈਮਰੇ ‘ਚ ਕੈਦ ਹੋਏ ਹਥਿਆਰਾਂ ਸਮੇਤ ਗੁੰਡਾਗਰਦੀ ਕਰ ਰਹੇ ਨੌਜ਼ਵਾਨ-

ਬਰਨਾਲਾ, 25 ਨਵੰਬਰ (ਅਮਨਦੀਪ ਰਠੌੜ)-ਬੁੱਧਵਾਰ ਦੀ ਰਾਤ ਕਿਲ੍ਹਾ ਮੁਹੱਲਾ ਸੂਦਾਂ ਵਾਲੀ ਗਲੀ ਵਿੱਚ ਗੁਆਂਢੀਆਂ ਦੇ ਹੋਏ ਆਪਸੀ ਝਗੜੇ ਵਿੱਚ ਇੱਕ ਗੁਆਂਢੀ ਨੇ ਦੂਸਰੇ ਗੁਆਂਢੀ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਪਹਿਲਾਂ ਤਾਂ ਆਪਣੇ ਸਾਥੀਆਂ ਸਮੇਤ ਉਸਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਹਵਾਈ ਫ਼ਾਇਰ ਕਰ ਦਿੱਤੇ, ਲੇਕਿਨ ਗੁਆਂਢੀ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਕੀਤੇ ਗਏ ਹਵਾਈ ਫ਼ਾਇਰ ਗੁਆਂਢੀ ਨੂੰ ਪੂਰੀ ਤਰ੍ਹਾਂ ਨਾਲ ਮਹਿੰਗੇ ਪੈ ਗਏ, ਕਿਉਂਕਿ ਪੀੜਿਤ ਗੁਆਂਢੀ ਦੇ ਬਿਆਨ ‘ਤੇ ਪੁਲਿਸ ਨੇ ਹਵਾਈ ਫ਼ਾਇਰ ਕਰਨ ਵਾਲੇ ਗੁਆਂਢੀ ਅਤੇ ਦੋ ਨਾਮਜ਼ਦ ਵਿਅਕਤੀਆਂ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ |

-ਕੀ ਹੈ ਪੂਰਾ ਮਾਮਲਾ ‘ਤੇ ਕਿਓਂ ਕੀਤੇ ਗੁਆਂਢੀ ਨੇ ਹਵਾਈ ਫ਼ਾਇਰ

ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਲ੍ਹਾ ਮੁਹੱਲਾ ਸੂਦਾਂ ਵਾਲੀ ਗਲੀ ਦੇ ਨਿਵਾਸੀ ਅਜੀਤ ਸ਼ਰਮਾ, ਮਨਮੋਹਨ ਸ਼ਰਮਾ, ਅਨਿਲ ਸ਼ਰਮਾ, ਹੇਮੰਤ ਜਿੰਦਲ ਅਤੇ ਗਲੀ ਦੀਆਂ ਹੋਰ ਮਹਿਲਾਵਾਂ ਨੇ ਦੱਸਿਆ ਕਿ ਸੰਜੀਵ ਕੁਮਾਰ ਸੋਨੀ ਅਤੇ ਰਮੇਸ਼ ਕੁਮਾਰ ਨੇ ਆਪਣੇ ਘਰ ਦੇ ਉਪਰ ਇੱਕ ਮੋਬਾਇਲ ਟਾਵਰ ਦਾ ਨਿਰਮਾਣ ਕਰਵਾ ਦਿੱਤਾ ਹੈ | ਇਸ ਟਾਵਰ ਨੂੰ ਹਟਵਾਉਣ ਲਈ ਉਨ੍ਹਾਂ ਨੇ ਨਗਰ ਕੌਂਸਲ ਤੋਂ ਲੈ ਡਿਪਟੀ ਕਮਿਸ਼ਨਰ ਬਰਨਾਲਾ ਤੱਕ ਦਰਖਾਸਤਾਂ ਦਿੱਤੀਆਂ ਹੋਈਆਂ ਹਨ | ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਸਿਵਲ ਕੋਰਟ ਵਿੱਚ ਇਸ ਟਾਵਰ ਨੂੰ ਹਟਾਵਾਉਣ ਲਈ ਕੇਸ ਵੀ ਦਾਇਰ ਕੀਤਾ ਹੋਇਆ ਹੈ | ਜਿਸਦੀ ਰੰਜਿਸ਼ ਦੋਵੇਂ ਭਰਾ ਸੰਜੀਵ ਕੁਮਾਰ ਸੋਨੀ ਅਤੇ ਰਮੇਸ਼ ਕੁਮਾਰ ਮੁਹੱਲਾ ਵਾਸੀਆਂ ਨਾਲ ਰੱਖਦੇ ਹਨ | ਉਨ੍ਹਾਂ ਕਿਹਾ ਕਿ ਗਲੀ ਮੁਹੱਲੇ ਦੇ ਲੋਕਾਂ ਨੂੰ ਪਤਾ ਨਾ ਚੱਲ ਸਕੇ | ਇਸ ਲਈ ਇਸ ਟਾਵਰ ਨੂੰ ਸੰਜੀਵ ਕੁਮਾਰ ਸੋਨੀ ਅਤੇ ਰਮੇਸ਼ ਕੁਮਾਰ ਵੱਲੋਂ ਰਾਤ ਦੇ ਤਿੰਨ ਵਜੇ ਲਗਵਾ ਕੇ, ਉਸਦੇ ਇਰਦ ਗੁਰਦ ਮਸ਼ਹੂਰੀ ਵਾਲੇ ਬੋਰਡ ਲਗਵਾ ਦਿੱਤੇ ਤਾਂਕਿ ਕਿਸੇ ਨੂੰ ਇਸ ਟਾਵਰ ਬਾਰੇ ਪਤਾ ਨਾ ਚੱਲ ਸਕੇ | ਉਨ੍ਹਾਂ ਕਿਹਾ ਕਿ ਦੋਵੇਂ ਭਰਾਵਾਂ ਦੀ ਇਹ ਚਲਾਕੀ ਕਿਸੇ ਵੀ ਹੱਦ ਤੱਕ ਚੱਲ ਨਾ ਸਕੀ ਅਤੇ ਮੁਹੱਲਾ ਨਿਵਾਸੀਆਂ ਨੇ ਇਸਦਾ ਪਰਦਾਫ਼ਾਸ਼ ਕਰ ਦਿੱਤਾ | ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦਿੱਤੀਆਂ ਦਰਖਾਸਤਾਂ ਕਾਰਣ ਇੱਕ ਵਾਰ ਤਾਂ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ | ਬਾਕੀ ਇਸਨੂੰ ਪੂਰਾ ਹਟਵਾਉਣ ਲਈ ਉਨ੍ਹਾਂ ਵੱਲੋਂ ਕਾਨੂੰਨੀ ਪ੍ਰਕ੍ਰਿਆ ਜਾਰੀ ਹੈ | ਉਨ੍ਹਾਂ ਕਿਹਾ ਕਿ ਟਾਵਰ ਨੂੰ ਹਟਵਾਉਣ ਲਈ ਜੋ ਮੁਹੱਲਾ ਵਾਸੀ ਵਿਰੋਧ ਕਰ ਰਹੇ ਹਨ | ਉਨ੍ਹਾਂ-ਉਨ੍ਹਾਂ ਨਾਲ ਇਹ ਦੋਵੇਂ ਭਰਾ ਸੰਜੀਵ ਕੁਮਾਰ ਸੋਨੀ ਅਤੇ ਰਮੇਸ਼ ਕੁਮਾਰ ਅੱਖਾਂ ਕੱਢਕੇ ਮੁੱਲ ਦੀ ਲੜ੍ਹਾਈ ਲੈਣ ਨੂੰ ਫ਼ਿਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਇਸ ਟਾਵਰ ਨਾਲ ਜਿੱਥੇ ਪੰਛੀਆਂ ਨੂੰ ਨੁਕਸਾਨ ਹੈ, ਉਥੇ ਹੀ ਇੰਨਸਾਨੀ ਜਿੰਦਗੀ ਨੂੰ ਵੀ ਬਿਮਾਰੀਆਂ ਦਾ ਪੂਰਾ ਖਤਰਾ ਹੈ | ਕਿਉਂਕਿ ਇਸਦੀਆਂ ਕਿਰਨਾਂ ਕੈਂਸਰ ਵਰਗੀ ਭਿਆਨਕ ਬੀਮਾਰੀ ਸਮੇਤ ਹੋਰ ਵੀ ਭਿਆਨਕ ਬੀਮਾਰੀਆਂ ਨੂੰ ਜਨਮ ਦਿੰਦੀਆਂ ਹਨ | ਇਸ ਲਈ ਚਾਹੇ ਕੁਝ ਵੀ ਹੋ ਜਾਵੇ ਉਹ ਪਿੱਛੇ ਨਹੀਂ ਹਟਣਗੇ ਅਤੇ ਇਸ ਟਾਵਰ ਨੂੰ ਇੱਥੋਂ ਹਟਵਾਕੇ ਹੀ ਰਹਿਣਗੇ |

-ਸੀਸੀਟੀਵੀ ‘ਚ ਕੈਦ ਹੋਏ ਘਰ ਮੂਹਰੇ ਹਥਿਆਰ ਲੈ ਕੇ ਪਹੁੰਚੇ ਵਿਅਕਤੀ-

ਸੰਜੀਵ ਕੁਮਾਰ, ਰਮੇਸ਼ ਕੁਮਾਰ ਅਤੇ ਹੋਰ ਅਣਪਛਾਤਿਆਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਅਜੀਤ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਦੀ ਦੁਪਿਹਰ ਸੰਜੀਵ ਕੁਮਾਰ ਅਤੇ ਰਮੇਸ਼ ਕੁਮਾਰ ਨੇ ਉਸਦੀ ਕੁੱਟਮਾਰ ਕੀਤੀ | ਜਿਸਦੀ ਉਨ੍ਹਾਂ ਬਕਾਇਦਾ ਥਾਣਾ ਸਿਟੀ-1 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ | ਜਦੋਂ ਰਾਤ ਨੂੰ ਉਹ ਆਪਣੇ ਘਰ ਕੋਲ ਖੜ੍ਹਾ ਸੀ ਤਾਂ ਸੰਜੀਵ ਕੁਮਾਰ, ਰਮੇਸ਼ ਕੁਮਾਰ ਅਤੇ ਬਾਕੀ ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਉਸਦੀ ਕੁੱਟਮਾਰ ਕਰਨ ਲੱਗ ਪਏ | ਜਦੋਂ ਉਨ੍ਹਾਂ ਦਾ ਮਨ ਨਹੀਂ ਭਰਿਆ ਤਾਂ ਸੰਜੀਵ ਕੁਮਾਰ ਅਤੇ ਰਮੇਸ਼ ਕੁਮਾਰ ਘਰ ਵਿੱਚੋਂ ਆਪਣਾ ਅਸਲਾ ਲੈ ਕੇ ਬਾਹਰ ਆ ਗਏ ਅਤੇ ਹਵਾਈ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ | ਜਿੱਥੋਂ ਉਹ ਮਸਾਂ ਹੀ ਆਪਣੀ ਜਾਨ ਬਚਾਕੇ ਘਰ ਨੂੰ ਭੱਜਿਆ | ਇਹੀ ਨਹੀਂ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਉਕਤਾਨ ਲੋਕ ਹਥਿਆਰਾਂ ਸਮੇਤ ਉਨ੍ਹਾਂ ਦੇ ਘਰ ਵੱਲ ਨੂੰ ਆ ਕੇ ਗਾਲੀ ਗਲੋਚ ਕਰਦੇ ਰਹੇ | ਜਿਸਦੀ ਸੀਸੀਟੀਵੀ ਫੁਟੇਜ਼ ਵੀ ਉਨ੍ਹਾਂ ਪਾਸ ਹੈ | ਉਨ੍ਹਾਂ ਕਿਹਾ ਕਿ ਗੁੰਡਾਗਰਦੀ ਦੇ ਇਸ ਨੰਗੇ ਨਾਚ ਦੀ ਉਨ੍ਹਾਂ ਨੇ ਤੁਰੰਤ ਥਾਣਾ ਸਿਟੀ-1 ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਉਨ੍ਹਾਂ ਸਮੇਤ ਮੁਹੱਲਾ ਵਾਸੀਆਂ ਨੇ ਦਿੱਤੀ | ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਉਸਦੀ ਕੁੱਟਮਾਰ ਕਰਨ ਵਾਲੇ ਸੰਜੀਵ ਕੁਮਾਰ, ਰਮੇਸ਼ ਕੁਮਾਰ ਅਤੇ ਬਾਕੀ ਨਾਮਾਲੂਮ ਵਿਅਕਤੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ |

-ਤਿੰਨ ਨਾਮਜ਼ਦ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੀਤਾ ਥਾਣਾ ਸਿਟੀ-1 ਦੀ ਪੁਲਿਸ ਨੇ ਕੀਤਾ ਕੇਸ ਦਰਜ-

ਥਾਣਾ ਸਿਟੀ-1 ਦੀ ਪੁਲਿਸ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ਿਕਾਇਤਕਰਤਾ ਅਜ਼ੀਤ ਸ਼ਰਮਾ ਪੁੱਤਰ ਕਾਂਤੀ ਸਰੂਪ ਨਿਵਾਸੀ ਕਿਲ੍ਹਾ ਮੁਹੱਲਾ ਦੇ ਬਿਆਨ ‘ਤੇ ਸੰਜੀਵ ਕੁਮਾਰ, ਰਮੇਸ਼ ਕੁਮਾਰ ਨਿਵਾਸੀ ਕਿਲਾ ਮੁਹੱਲਾ ਬਰਨਾਲਾ, ਕੁਲਵੰਤ ਸਿੰਘ ਉਰਫ਼ ਲਵਲੀ ਨਿਵਾਸੀ ਗੁਰੂ ਨਾਨਕ ਪੁਰਾ ਮੁਹੱਲਾ ਬਰਨਾਲਾ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਅਧੀਨ ਧਾਰਾ 323, 336, 506, 148, 149, 25, 27, 54 ਅਤੇ 59 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ |