ਕਬੂਤਰਾਂ ਨੂੰ ਦਾਣੇ ਪਾ ਰਹੀ 80 ਸਾਲਾ ਬਜ਼ੁਰਗ ਮਾਤਾ ਦੇ ਗਲੇ “ਚੋਂ ਮੋਟਰਸਾਈਕਲ ਸਵਾਰ ਸੋਨੇ ਦੀ ਚੇਨ ਝਪਟਕੇ ਹੋਏ ਫ਼ਰਾਰ

0
65

ਬਰਨਾਲਾ, 10 ਸਤੰਬਰ (ਅਮਨਦੀਪ ਰਠੌੜ)–ਐਸ.ਐਸ.ਪੀ.ਸੰਦੀਪ ਗੋਇਲ ਦੇ ਬਰਨਾਲਾ ਤੋਂ ਜਾਂਦਿਆਂ ਹੀ ਚੋਰ-ਲੁਟੇਰਿਆਂ ਨੇ ਅੰਗੜ੍ਹਾਈ ਲੈਂਦਿਆਂ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਹੁਣ ਦਿਨ-ਦਿਹਾੜੇ ਹੀ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ | ਜਿਸ ਕਰਕੇ ਜ਼ਿਲ੍ਹਾ ਬਰਨਾਲਾ ‘ਚ ਇੰਨ੍ਹਾਂ ਚੋਰ ਲੁਟੇਰਿਆਂ ਕਰਕੇ ਹਾਹਾਕਾਰ ਮੱਚੀ ਪਈ ਹੈ,ਕਿਉਂਕਿ ਵੀਰਵਾਰ ਨੂੰ ਐਚਡੀਐਫਸੀ ਬੈਂਕ ‘ਚ ਦੋ ਲੁਟੇਰੇ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਆਏ ਇੱਕ ਵਿਅਕਤੀ ਨੂੰ ਗੱਲਾਂ ‘ਚ ਉਲਝਾਕੇ ਉਸਤੋਂ 11 ਹਜ਼ਾਰ 600 ਰੁਪਏ ਦੀ ਲੁੱਟ ਕਰਕੇ ਫ਼ਰਾਰ ਹੋ ਗਏ ਸਨ ਅਤੇ ਸ਼ੁੱਕਰਵਾਰ ਨੂੰ ਦਿਨ ਚੜਦਿਆਂ ਹੀ ਫ਼ਿਰ ਮੋਟਰਸਾਇਕਲ ਸਵਾਰ ਦੋ ਲੁਟੇਰਿਆਂ ਨੇ ਇੱਕ 80 ਸਾਲਾ ਬਜ਼ੁਰਗ ਮਾਤਾ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੀ ਸੋਨੇ ਦੀ ਚੈਨ ਝਪਟ ਲਈ | ਜ਼ਿਲ੍ਹਾ ਬਰਨਾਲਾ ‘ਚ ਇਹ ਇੱਕ ਦੁੱਕਾਂ ਨਹੀਂ ਬਲਕਿ ਹੋਰ ਵੀ ਅਨੇਕਾਂ ਘਟਨਾਵਾਂ ਹੋ ਚੁੱਕੀਆਂ ਹਨ | ਜਿੰਨ੍ਹਾਂ ਨੇ ਲੋਕਾਂ ਦੇ ਦਿਲਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਲੇਕਿਨ ਹੁਣ ਪਤਾ ਨਹੀਂ ਨਾ ਜਾਣੇ ਕਦੋਂ ਇੰਨ੍ਹਾਂ ਚੋਰ ਲੁਟੇਰਿਆਂ ਨੂੰ ਕਾਬੂ ਕਰਕੇ ਪੁਲਿਸ ਲੋਕਾਂ ਨੂੰ ਰਾਹਤ ਦਿਵਾਏਗੀ?
-ਕਬੂਤਰਾਂ ਨੂੰ ਦਾਣੇ ਪਾਉੰਦਿਆ-ਪਾਉਂਦਿਆਂ ਹੀ ਚੇਨ ਝਪਟਕੇ ਫਰਾਰ ਹੋ ਗਏ ਲੁਟੇਰੇ-ਬਜ਼ੁਰਗ ਮਾਤਾ ਕੈਲਾਸ਼ਪਤੀ
ਇਸ ਪੂਰੇ ਘਟਨਕ੍ਰਮ ਦੀ ਜਾਣਕਾਰੀ ਦਿੰਦਿਆਂ 80 ਸਾਲਾ ਬਜ਼ੁਰਗ ਮਾਤਾ ਕੈਲਾਸ਼ਪਤੀ ਪਤਨੀ ਸ਼ਾਮ ਲਾਲ ਨਿਵਾਸੀ ਭਾਈ ਜੀਤਾ ਸਿੰਘ ਮਾਰਕੀਟ ਨੇ ਦੱਸਿਆ ਕਿ ਉਹ ਪ੍ਰਤੀਦਿਨ ਹੀ ਕਬੂਤਰਾਂ ਨੂੰ ਦਾਣੇ ਪਾਉਣ ਲਈ ਘਰ ਤੋਂ ਥੋੜੀ ਦੂਰ ਜਾਂਦੀ ਹੈ | ਲੇਕਿਨ ਜਦੋਂ ਉਹ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਛੇ ਵਜੇ ਫ਼ਿਰ ਤੋਂ ਕਬੂਤਰਾਂ ਨੂੰ ਦਾਣੇ ਪਾਉਣ ਗਈ ਤਾਂ ਉਥੇ ਇੱਕ ਮੋਟਰਸਾਇਕਲ ਤੇ ਸਵਾਰ ਦੋ ਨੌਜਵਾਨ ਆਏ | ਜਿੰਨ੍ਹਾਂ ਵਿੱਚੋਂ ਇੱਕ ਤਾਂ ਮੋਟਰਸਾਇਲ ਸਟਾਰਟ ਕਰਕੇ ਹੀ ਖੜ੍ਹਾ ਰਿਹਾ | ਜਦੋਂਕਿ ਦੂਸਰਾ ਉਸਦੇ ਪਾਸ ਆਕੇ ਉਸਦੇ ਗਲ੍ਹੇ ‘ਚ ਪਾਈ ਸੋਨੇ ਦੀ ਚੈਨ ਝਪਟਣ ਦੀ ਕੋਸ਼ਿਸ਼ ਕਰਨ ਲੱਗ ਪਿਆ | ਜਦੋਂ ਉਨ੍ਹਾਂ ਨੇ ਝਪਟਮਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਨ੍ਹਾਂ ਦੇ ਗਲ ‘ਚ ਪਾਈ ਸੋਨੇ ਦੀ ਚੈਨ ਝਪਟਕੇ ਉਸਨੂੰ ਧੱਕਾ ਦੇ ਦਿੱਤਾ ਅਤੇ ਫ਼ਿਰ ਮੋਟਰਸਾਇਕਲ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ | ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਚੇਨ ਝਪਟਣ ਵਾਲੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ |
-ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲਕੇ ਝਪਟਮਾਰਾਂ ਨੂੰ ਪਕੜ੍ਹਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ-ਐਸ.ਐਚ.ਓ.ਜਗਦੇਵ ਸਿੰਘ
ਥਾਣਾ ਸਿਟੀ-2 ਦੇ ਐਸ.ਐਚ.ਓ.ਜਗਦੇਵ ਸਿੰਘ ਨੇ ਕਿਹਾ ਕਿ ਪੁਲਿਸ ਕੋਲ ਬਜੁਰਗ ਮਾਤਾ ਦੀ ਸ਼ਿਕਾਇਤ ਆ ਚੁੱਕੀ ਹੈ ਅਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲਕੇ ਝਪਟਮਾਰ ਕਰਨ ਵਾਲੇ ਦੋਵੇਂ ਨੌਜਵਾਨਾਂ ਨੂੰ ਪਕੜ੍ਹਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਝਪਟਮਾਰ ਪੁਲਿਸ ਦੀ ਜਲਦ ਹੀ ਗਿ੍ਫ਼ਤ ਵਿੱਚ ਹੋਣਗੇ |